ਤਿੰਨ ਸਾਲ ਤੋਂ ਪੁਲੀਸ ਨੂੰ ਝਕਾਨੀ ਦੇਣ ਵਾਲਾ ਗੈਂਗਸਟਰ ਕਾਬੂ
ਪਾਲ ਸਿੰਘ ਨੌਲੀ
ਜਲੰਧਰ, 23 ਨਵੰਬਰ
ਜਲੰਧਰ ਦਿਹਾਤੀ ਪੁਲੀਸ ਨੇ ਅੱਜ ਇੱਕ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਹੈ ਜੋ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧ ਹੋਣ ਦਾ ਦਾਅਵਾ ਕਰਦਾ ਸੀ। ਉਸ ਨੇ ਇੱਕ ਪਰਿਵਾਰ ਤੋਂ ਕਥਿਤ ਤੌਰ ’ਤੇ 30 ਲੱਖ ਰੁਪਏ ਦੀ ਫਿਰੌਤੀ ਦੀ ਕੋਸ਼ਿਸ਼ ਕੀਤੀ ਤੇ ਉਹ 2021 ਤੋਂ ਗ੍ਰਿਫਤਾਰੀ ਤੋਂ ਬਚ ਰਿਹਾ ਸੀ। ਐਸਐਸਪੀ ਜਲੰਧਰ ਦਿਹਾਤੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਨਕੋਦਰ ਪੁਲੀਸ ਨੇ ਡੂੰਘਾਈ ਨਾਲ ਤਫ਼ਤੀਸ਼ ਅਤੇ ਨਿਗਰਾਨੀ ਤੋਂ ਬਾਅਦ ਇਹ ਅਹਿਮ ਸਫਲਤਾ ਹਾਸਲ ਕੀਤੀ ਹੈ।
ਉਨਾ ਦੱਸਿਆ ਕਿ ਇਹ ਮਾਮਲਾ ਸਤੰਬਰ 2021 ਦਾ ਹੈ, ਜਦੋਂ ਮੁਲਜ਼ਮ ਨੇ ਦਰਸ਼ਨ ਲਾਲ ਦੀ ਪਤਨੀ ਰਾਣੋ ਨੂੰ ਵਟਸਐਪ ਕਾਲ ਕੀਤੀ ਅਤੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧ ਹੋਣ ਦਾ ਦਾਅਵਾ ਕਰਦੇ ਹੋਏ ਅਤੇ ਉਸ ਦੇ ਪੁੱਤਰ ਸ਼ੇਰ ਕੁਮਾਰ ਨੂੰ ਮਾਰਨ ਦੀ ਧਮਕੀ ਦਿੰਦੇ ਹੋਏ 30 ਲੱਖ ਰੁਪਏ ਦੀ ਮੰਗ ਕੀਤੀ। ਗਰੋਹ ਦੇ ਪੰਜ ਹੋਰ ਮੈਂਬਰ ਸਨ। ਮੁਲਜ਼ਮ ਦੀ ਪਛਾਣ ਵਿਸ਼ਾਲ ਸਭਰਵਾਲ ਉਰਫ਼ ਭਾਰੂ ਵਾਸੀ ਮੁਹੱਲਾ ਰਿਸ਼ੀ ਨਗਰ ਨਕੋਦਰ ਵਜੋਂ ਹੋਈ ਹੈ। ਐਸਐਸਪੀ ਖੱਖ ਨੇ ਦੱਸਿਆ ਕਿ ਇਸ ਕੇਸ ਦੇ ਸਬੰਧ ਵਿੱਚ ਪੰਜ ਹੋਰ ਮੁਲਜ਼ਮ ਅੰਕੁਸ਼ ਉਰਫ ਭਈਆ, ਮੁਹੰਮਦ ਯਾਸੀਨ ਅਖਤਰ ਉਰਫ ਜੇਸੀ, ਗਗਨਦੀਪ ਸਿੰਘ ਉਰਫ ਬੱਬੂ, ਰੋਹਿਤ ਅਤੇ ਕਰਨੈਲ ਸਿੰਘ ਉਰਫ ਬੌਬੀ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ। ਐਸਐਸਪੀ ਨੇ ਕਿਹਾ ਕਿ ਮੁਲਜ਼ਮ ਦਾ ਪਿਛੋਕੜ ਅਪਰਾਧਿਕ ਹੈ ਅਤੇ ਹੋਰ ਪੁੱਛਗਿੱਛ ਲਈ ਪੁਲੀਸ ਰਿਮਾਂਡ ਦੀ ਮੰਗ ਲਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਸ਼ਾਲ ਸਭਰਵਾਲ ਖ਼ਿਲਾਫ਼ ਕਈ ਕੇਸ ਦਰਜ ਹਨ।