For the best experience, open
https://m.punjabitribuneonline.com
on your mobile browser.
Advertisement

ਪੁਲੀਸ ਦੀ ਵਰਦੀ ਪਾ ਕੇ ਲੁੱਟਾਂ-ਖੋਹਾਂ ਕਰਨ ਵਾਲਾ ਗਰੋਹ ਕਾਬੂ

07:19 AM Jun 29, 2024 IST
ਪੁਲੀਸ ਦੀ ਵਰਦੀ ਪਾ ਕੇ ਲੁੱਟਾਂ ਖੋਹਾਂ ਕਰਨ ਵਾਲਾ ਗਰੋਹ ਕਾਬੂ
ਸੀਆਈਏ ਸਟਾਫ ਦੀ ਟੀਮ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਲੁਟੇਰਾ ਗਰੋਹ ਦੇ ਮੈਂਬਰ। ਫੋਟੋ: ਰਾਜੇਸ਼ ਸੱਚਰ
Advertisement

ਪੱਤਰ ਪ੍ਰੇਰਕ
ਪਟਿਆਲਾ, 28 ਜੂਨ
ਸੀਆਈਏ ਸਟਾਫ ਪਟਿਆਲਾ ਦੀ ਟੀਮ ਨੇ ਤਿੰਨ ਮੈਂਬਰੀ ਲੁਟੇਰਾ ਗਰੋਹ ਨੂੰ ਕਾਬੂ ਕੀਤਾ ਹੈ। ਇਹ ਗਰੋਹ ਪੁਲੀਸ ਦੀ ਵਰਦੀ ਪਾ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰਦਾ ਸੀ। ਗਰੋਹ ਦਾ ਸਰਗਨਾ ਪੰਜਾਬੀ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਵਿੱਚ ਤਾਇਨਾਤ ਸੀਨੀਅਰ ਸਹਾਇਕ ਹੈ।
ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਗਰੋਹ ਦਾ ਮਾਸਟਰ ਮਾਈਂਡ ਸੀਨੀਅਰ ਸਹਾਇਕ ਜਤਿੰਦਰਪਾਲ ਸਿੰਘ ਉਰਫ਼ ਖੋਖਰ ਉਰਫ਼ ਸੰਨੀ ਵਾਸੀ ਦੀਪਨਗਰ ਪਟਿਆਲਾ ਹੈ ਜਿਸ ਦੇ ਨਾਲ ਆਟੋ ਚਾਲਕ ਵਜੋਂ ਕੰਮ ਕਰਨ ਵਾਲੇ ਵਰਿੰਦਰਪਾਲ ਸਿੰਘ ਉਰਫ਼ ਬਿੰਦੂ ਅਤੇ ਪ੍ਰਭਜੋਤ ਸਿੰਘ ਉਰਫ਼ ਜੋਤ ਦਸਮੇਸ਼ ਨਗਰ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਬੂ ਸਿੰਘ ਕਲੋਨੀ ਦਾ ਰਹਿਣ ਵਾਲਾ ਸੁਨੀਲ ਕੁਮਾਰ 24 ਜੂਨ ਨੂੰ ਖੰਡਵਾਲਾ ਚੌਕ ਤੋਂ ਬਾਰਾਂਦਰੀ ਨੂੰ ਜਾਂਦੇ ਸਮੇਂ ਲੁੱਟ ਖੋਹ ਦਾ ਸ਼ਿਕਾਰ ਹੋ ਗਿਆ ਸੀ। ਮਾਸਟਰਮਾਈਂਡ ਮੁਲਜ਼ਮ ਪੁਲੀਸ ਦੀ ਵਰਦੀ ਪਾ ਕੇ ਕਾਰ ਦੀ ਪਿਛਲੀ ਸੀਟ ’ਤੇ ਬੈਠਦਾ ਸੀ। ਇਨ੍ਹਾਂ ਵਿਅਕਤੀਆਂ ਨੇ ਸੁਨੀਲ ਕੁਮਾਰ ਨੂੰ ਬਾਗ਼ ਨੇੜੇ ਚਿੱਟੇ ਰੰਗ ਦੀ ਸਵਿੱਫ਼ਟ ਕਾਰ ਵਿੱਚ ਲੁੱਟ ਲਿਆ ਸੀ। ਘਟਨਾ ਤੋਂ ਬਾਅਦ ਸਬ-ਇੰਸਪੈਕਟਰ ਸਾਹਿਬ ਸਿੰਘ ਹਜ਼ਾਰਾ ਅਤੇ ਉਨ੍ਹਾਂ ਦੀ ਟੀਮ ਨੇ ਛਾਪਾ ਮਾਰ ਕੇ ਇਸ ਗਰੋਹ ਨੂੰ ਕਾਬੂ ਕੀਤਾ। ਇਸ ਗਰੋਹ ਕੋਲੋਂ ਇਕ ਕਾਂਸਟੇਬਲ ਰੈਂਕ ਦੀ ਵਰਦੀ ਅਤੇ 20 ਮੋਬਾਈਲ ਫੋਨ ਤੇ ਕੁਝ ਨਕਦੀ ਬਰਾਮਦ ਕੀਤੀ ਗਈ ਹੈ। ਗਰੋਹ ਤੋਂ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਇਨ੍ਹਾਂ ਵਿਅਕਤੀਆਂ ਨੇ ਪਟਿਆਲਾ ਸ਼ਹਿਰ ਦੇ ਪਾਸੀ ਰੋਡ ਵਾਤਾਵਰਨ ਪਾਰਕ ਨੰਬਰ 21 ਓਵਰਬ੍ਰਿਜ ਦੇ ਹੇਠਾਂ ਫੈਕਟਰੀ ਏਰੀਆ ਸਰਹਿੰਦ ਰੋਡ, ਮਾੜੀ ਅਤੇ ਛੋਟੀ ਬਰਾਦਰੀ ਵਿੱਚ ਦੋ ਦਰਜਨ ਤੋਂ ਵੱਧ ਵਾਰਦਾਤਾਂ ਕੀਤੀਆਂ ਹਨ। ਇਨ੍ਹਾਂ ’ਤੇ ਪਹਿਲਾਂ ਵੀ ਕੇਸ ਦਰਜ ਹਨ।

Advertisement

ਲੁੱਟ-ਖੋਹ ਦੇ ਮਾਮਲੇ ’ਚ ਨੌਕਰਾਣੀ ਤੇ ਪ੍ਰੇਮੀ ਗ੍ਰਿਫ਼ਤਾਰ

ਪੁਲੀਸ ਦੀ ਹਿਰਾਸਤ ਵਿੱਚ ਮੁਲਜ਼ਮ।

ਪਾਤੜਾਂ (ਪੱਤਰ ਪ੍ਰੇਰਕ): ਸ਼ਹਿਰ ਦੇ ਕਾਹਨਗੜ੍ਹ ਰੋਡ ਉੱਤੇ ਚਾਰ ਦਿਨ ਪਹਿਲਾਂ ਰਾਤ ਸਮੇਂ ਹੋਈ ਲੁੱਟ-ਖੋਹ ਦੇ ਮਾਮਲੇ ਵਿੱਚ ਪੁਲੀਸ ਨੇ ਔਰਤ ਸਮੇਤ ਸੱਤ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ ਵਿੱਚੋਂ ਦੋ ਜਣਿਆਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਪੁਲੀਸ ਨੇ ਖੋਹ ਕੀਤੀ ਕਾਰ ਅਤੇ ਮਾਰੂ ਹਥਿਆਰ ਬਰਾਮਦ ਕਰ ਲਏ ਹਨ। ਦੋਵਾਂ ਮੁਲਜ਼ਮਾਂ ਤੋਂ ਪੁਛਗਿੱਛ ਲਈ ਅਦਾਲਤ ਨੇ ਪਹਿਲੀ ਜੁਲਾਈ ਤੱਕ ਦਾ ਪੁਲੀਸ ਰਿਮਾਂਡ ਦਿੱਤਾ ਹੈ। ਡੀਐੱਸਪੀ (ਪਾਤੜਾਂ) ਦਲਜੀਤ ਸਿੰਘ ਵਿਰਕ ਨੇ ਦੱਸਿਆ ਕਿ ਅਰੋੜਾ ਬਸਤੀ ਦਾ ਬਿਕਰਮਜੀਤ ਸਿੰਘ ਅਤੇ ਉਸ ਦੀ ਪਤਨੀ ਦਲਵਿੰਦਰ ਕੌਰ ਸੁੱਤੇ ਹੋਏ ਸਨ। ਰਾਤ ਇੱਕ ਵਜੇ ਦੇ ਕਰੀਬ ਨੌਕਰਾਣੀ ਜਸਵਿੰਦਰ ਕੌਰ ਉਰਫ ਜਸਵੀਰ ਨੇ ਬਾਥਰੂਮ ਦੇ ਬਹਾਨੇ ਕੋਠੀ ਦਾ ਐਂਟਰੀ ਗੇਟ ਖੁੱਲ੍ਹਾ ਛੱਡ ਦਿੱਤਾ। ਥੋੜ੍ਹੇ ਸਮੇਂ ਬਾਅਦ ਮਾਰੂ ਹਥਿਆਰਾਂ ਨਾਲ ਲੈਸ ਕੁਝ ਵਿਅਕਤੀਆਂ ਨੇ ਘਰ ਵਿੱਚ ਦਾਖਲ ਹੋ ਕੇ ਬਿਕਰਮਜੀਤ ਸਿੰਘ ਦੇ ਸੱਟਾਂ ਮਾਰ ਕੇ ਪੰਦਰਾਂ ਹਜ਼ਾਰ ਰੁਪਏ, ਪੰਜ ਹਜ਼ਾਰ ਅਮਰੀਕੀ ਡਾਲਰ, ਇੱਕ ਤੋਲਾ ਸੋਨੇ ਦੇ ਗਹਿਣੇ, ਆਈਫੋਨ, ਏਅਰ ਗੰਨ, ਦੋ ਐਪਲ ਤੇ ਦੋ ਆਮ ਘੜੀਆਂ, ਕਰੂਜ਼ ਖੋਹ ਕਰ ਲਈ। ਰੌਲਾ ਸੁਣ ਕੇ ਆਏ ਗੁਆਂਢੀ ਸੁਖਪਾਲ ਸਿੰਘ ਸੁੱਖੀ ਦੀ ਕੁੱਟਮਾਰ ਕਰਕੇ ਉਸ ਪਾਸੋਂ ਗਿਆਰਾਂ ਹਜ਼ਾਰ ਤੇ ਉਸ ਦਾ ਮੋਬਾਈਲ ਵੀ ਖੋਹ ਕੇ ਫਰਾਰ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਘਟਨਾ ਦੀ ਪੜਤਾਲ ਲਈ ਚਾਰ ਟੀਮਾਂ ਦਾ ਗਠਨ ਕੀਤਾ ਗਿਆ ਸੀ। ਸ਼ਹਿਰੀ ਪੁਲੀਸ ਚੌਕੀ ਇੰਚਾਰਜ ਕਰਨੈਲ ਸਿੰਘ, ਥਾਣਾ ਮੁਖੀ ਯਸ਼ਪਾਲ ਸ਼ਰਮਾ ਅਤੇ ਥਾਣਾ ਸ਼ੁਤਰਾਣਾ ਦੇ ਮੁਖੀ ਗੁਰਮੀਤ ਸਿੰਘ ਵੱਲੋਂ ਕੀਤੀ ਗਈ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਬਿਕਰਮਜੀਤ ਸਿੰਘ ਦੇ ਘਰ ਰਹਿੰਦੀ ਨੌਕਰਾਣੀ ਜਸਵਿੰਦਰ ਕੌਰ ਉਰਫ ਜਸਵੀਰ ਕੌਰ ਦਾ ਸਹੁਰੇ ਪਰਿਵਾਰ ਨਾਲ ਹਰਮਨ ਨਗਰ ਪਾਤੜਾਂ ਵਾਲੇ ਮਕਾਨ ਦਾ ਝਗੜਾ ਚੱਲਦਾ ਸੀ। ਗਿਰਵੀ ਰੱਖਿਆ ਘਰ ਛੁਡਾਉਣ ਲਈ ਉਸ ਨੂੰ ਇੱਕ ਲੱਖ ਰੁਪਏ ਦੀ ਜ਼ਰੂਰਤ ਸੀ। ਉਸ ਨੇ ਆਪਣੇ ਪ੍ਰੇਮੀ ਸੁਖਚੈਨ ਸਿੰਘ ਅਤੇ ਉਸ ਦੇ ਸਾਥੀ ਆਕਾਸ਼ ਉਰਫ ਕਾਕਾ, ਮੋਕਸ਼ ਗੁਪਤਾ, ਨਿਤੀਸ਼ ਉਰਫ ਭੋਲਾ ਅਤੇ ਇੱਕ ਮੋਟਾ ਨਾਮ ਦੇ ਵਿਅਕਤੀ ਨਾਲ ਮਿਲ ਕੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮਾਂ ਵਿੱਚੋਂ ਜਸਵਿੰਦਰ ਕੌਰ ਅਤੇ ਸੁਖਚੈਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੂਸਰੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Advertisement
Author Image

sukhwinder singh

View all posts

Advertisement
Advertisement
×