ਗਊ ਮਾਸ ਦੀ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼
ਐੱਨ ਪੀ ਧਵਨ
ਪਠਾਨਕੋਟ, 26 ਦਸੰਬਰ
ਜ਼ਿਲ੍ਹਾ ਪਠਾਨਕੋਟ ਦੀ ਪੁਲੀਸ ਨੇ ਗਊਆਂ ਨੂੰ ਮਾਰ ਕੇ ਉਨ੍ਹਾਂ ਦਾ ਮਾਸ ਵੇਚਣ ਦੇ ਇੱਕ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ ਇਸ ਗਰੋਹ ਦੇ ਮੈਂਬਰ- ਪਿਉ-ਪੁੱਤਰ ਸਮੇਤ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵੱਲੋਂ ਮਾਰਨ ਲਈ ਲਿਆਂਦੀਆਂ ਗਈਆਂ 3 ਗਊਆਂ ਨੂੰ ਵੀ ਮੌਕੇ ’ਤੇ ਬਰਾਮਦ ਕੀਤਾ ਗਿਆ ਜਦਕਿ ਦੋ ਮਰੇ ਹੋਏ ਵੱਛਿਆਂ, ਮਾਰਨ ਲਈ ਵਰਤੇ ਜਾਂਦੇ ਤੇਜ਼ਧਾਰ ਹਥਿਆਰ ਅਤੇ ਇੱਕ ਚਾਰਪਹੀਆ ਵਾਹਨ ਵੀ ਬਰਾਮਦ ਕੀਤਾ ਗਿਆ ਹੈ। ਮੁਲਜ਼ਮਾਂ ਵਿੱਚ ਵਿਕਟਰ ਮਸੀਹ ਤੇ ਉਸ ਦਾ ਪੁੱਤਰ ਕੈਵਿਨ ਮਸੀਹ ਵਾਸੀਆਨ ਖੰਨੀ ਖੂਹੀ ਅਤੇ ਰੋਬਿਨ ਗਿੱਲ ਵਾਸੀ ਰਸੂਲਪੁਰ (ਦੀਨਾਨਗਰ) ਸ਼ਾਮਲ ਹਨ। ਇਸ ਗਰੋਹ ਦੇ ਤਾਰ ਜੰਮੂ-ਕਸ਼ਮੀਰ ਅਤੇ ਉੱਤਰ ਪ੍ਰਦੇਸ਼ ਨਾਲ ਵੀ ਜੁੜੇ ਹੋਏ ਹਨ ਤੇ ਇਨ੍ਹਾਂ ਵੱਲੋਂ ਗਊਆਂ ਦਾ ਮੀਟ ਇਨ੍ਹਾਂ ਸੂਬਿਆਂ ਵਿੱਚ ਵੀ ਭੇਜਿਆ ਜਾਂਦਾ ਸੀ। ਜ਼ਿਲ੍ਹਾ ਪੁਲੀਸ ਮੁਖੀ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਸਦਰ ਪੁਲੀਸ ਸਟੇਸ਼ਨ ਪਠਾਨਕੋਟ ਦੀ ਪੁਲੀਸ ਪਾਰਟੀ ਭੀਮਪੁਰ ਪੁਲ ਕੋਲ ਗਸ਼ਤ ਕਰ ਰਹੀ ਸੀ ਕਿ ਗੁਪਤ ਸੂਚਨਾ ਮਿਲੀ ਕਿ ਖੰਨੀ ਖੂਹੀ ਪਿੰਡ ਵਿੱਚ ਵਿਕਟਰ ਮਸੀਹ ਤੇ ਉਸ ਦਾ ਪੁੱਤਰ ਕੈਵਿਨ ਮਸੀਹ ਅਤੇ ਰੋਬਿਨ ਗਿੱਲ ਨੇ ਹੱਡਾਰੋੜੀ ਦੀ ਆੜ ਵਿੱਚ ਆਪਣੇ ਘਰ ਦੇ ਪਿੱਛੇ ਵਾੜਾ ਬਣਾ ਕੇ ਗਊਆਂ ਅਤੇ ਹੋਰ ਪਸ਼ੂਆਂ ਨੂੰ ਨਰੜ ਕੇ ਰੱਖਿਆ ਹੋਇਆ ਹੈ। ਉਹ ਉੱਥੇ ਪਸ਼ੂਆਂ ਨੂੰ ਮਾਰ ਕੇ ਮੀਟ ਵੇਚਦੇ ਹਨ। ਥਾਣਾ ਸਦਰ ਦੀ ਮੁਖੀ ਮਨਜੀਤ ਕੌਰ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਨੇ ਸੀਆਈਏ ਪੁਲੀਸ ਨੂੰ ਨਾਲ ਲੈ ਕੇ ਤੁਰੰਤ ਦੱਸੀ ਗਈ ਜਗ੍ਹਾ ’ਤੇ ਛਾਪਾ ਮਾਰ ਕੇ ਮੌਕੇ ’ਤੇ ਜਿਉਂਦੀਆਂ 21 ਗਊਆਂ, 2 ਮਰੇ ਹੋਏ ਵੱਛੇ, 1 ਗੱਡੀ ਅਤੇ ਹਥਿਆਰ ਬਰਾਮਦ ਕਰ ਕੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲੀਸ ਨੇ ਮੁਲਜ਼ਮਾਂ ਖਿਲਾਫ਼ ਥਾਣਾ ਸਦਰ ਵਿੱਚ ਮਾਮਲਾ ਦਰਜ ਕੀਤਾ ਗਿਆ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਮੁਲਜ਼ਮ ਵਿਕਟਰ ਮਸੀਹ ਪਿੰਡ ਖੰਨੀ ਖੂਹੀ ਵਿੱਚ ਬਣੇ ਮਕਾਨ ਤੋਂ ਗਊ ਮਾਸ ਦੀ ਤਸਕਰੀ ਦਾ ਧੰਦਾ ਚਲਾਉਂਦਾ ਸੀ। ਗਊ ਮਾਸ ਦੀ ਤਸਕਰੀ ਜੰਮੂ ਕਸ਼ਮੀਰ ਦੇ ਕਈ ਇਲਾਕਿਆਂ ਵਿੱਚ ਕੀਤੀ ਜਾਂਦੀ ਸੀ ਤੇ ਇਸ ਦਾ ਨੈੱਟਵਰਕ ਜੰਮੂ-ਕਸ਼ਮੀਰ ਤੋਂ ਇਲਾਵਾ ਉੱਤਰ ਪ੍ਰਦੇਸ਼ ਤੱਕ ਵੀ ਫੈਲਿਆ ਹੋਇਆ ਸੀ।