ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ
ਪੱਤਰ ਪ੍ਰੇਰਕ
ਪਟਿਆਲਾ, 29 ਸਤੰਬਰ
ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ (ਸੱਭਿਆਚਾਰ ਮੰਤਰਾਲਾ ਭਾਰਤ ਸਰਕਾਰ) ਵੱਲੋਂ ਸਥਾਨਕ ਵਿਰਸਾ ਵਿਹਾਰ ਕੇਂਦਰ ਦੇ ਕਾਲੀਦਾਸ ਆਡੀਟੋਰੀਅਮ ਵਿੱਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਦੋ ਰੋਜ਼ਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਪਹਿਲੇ ਦਿਨ ਇੰਦੌਰ (ਮੱਧ ਪ੍ਰਦੇਸ਼) ਤੋਂ ਕਹਾਣੀਕਾਰ ਭਾਰਤੀ ਦੀਕਸ਼ਿਤ ਵੱਲੋਂ ‘ਗਾਥਾ ਸ਼ਹੀਦ ਭਗਤ ਸਿੰਘ’ ਸੁਣਾਈ ਗਈ। ਉਨ੍ਹਾਂ ਆਪਣੀ ਗਾਥਾ ਦੌਰਾਨ ਭਗਤ ਸਿੰਘ ਦੇ ਜੀਵਨ ਦੇ ਕੁੱਝ ਅਹਿਮ ਕਿੱਸਿਆਂ ਬਾਰੇ ਦੱਸਿਆ, ਜਿਨ੍ਹਾਂ ਨੂੰ ਸਰੋਤਿਆਂ ਨੇ ਦਿਲਚਸਪੀ ਨਾਲ ਸੁਣਿਆ। ਇਸ ਤੋਂ ਬਾਅਦ ਪਿੰਡ ਦਯਾਗੜ੍ਹ ਜ਼ਿਲ੍ਹਾ ਪਟਿਆਲਾ ਤੋਂ ਅੱਛਰੂ ਮਾਨ ਅਤੇ ਗਰੁੱਪ ਨੇ ਭਗਤ ਸਿੰਘ ਦੀਆਂ ਵਾਰਾਂ ਸੁਣਾਈਆਂ। ਇਹ ਪ੍ਰੋਗਰਾਮ ਉੱਤਰੀ ਖੇਤਰ ਸਭਿਆਚਾਰਕ ਕੇਂਦਰ ਦੇ ਡਾਇਰੈਕਟਰ ਐੱਮ. ਫੁਰਕਾਨ ਖ਼ਾਨ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ।
ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ
ਲਹਿਰਾਗਾਗਾ (ਪੱਤਰ ਪ੍ਰੇਰਕ): ਇੱਥੇ ਸੀਬਾ ਇੰਟਰਨੈਸ਼ਨਲ ਸਕੂਲ ਲਹਿਰਾਗਾਗਾ, ਸੰਤ ਅਤਰ ਸਿੰਘ ਸਕੂਲ ਹਰਿਆਊ, ਪੰਜਾਬ ਪਬਲਿਕ ਸਕੂਲ ਰਾਏਧੜਾਣਾ, ਅਕਾਲ ਅਕੈਡਮੀ ਭੁਟਾਲ, ਜੀਟੀਬੀ ਕਾਲਜ ਅਤੇ ਕੇਸੀਟੀ ਕਾਲਜ ਵਿੱਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਭਗਤ ਸਿੰਘ ਦੀ ਸੋਚ ’ਤੇ ਪਹਿਰਾ ਦੇਣ ਲਈ ਸਹੁੰ ਚੁੱਕੀ। ਸੀਬਾ ਸਕੂਲ ਦੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨੂੰ ਲੈ ਕੇ ਜਾਗਰੂਕ ਕੀਤਾ। ਸਕੂਲ ਵਿੱਚ ਸਥਾਪਤ ਸ਼ਹੀਦ ਭਗਤ ਸਿੰਘ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਅਧਿਆਪਕਾ ਅਮਨ ਢੀਂਡਸਾ, ਕੋਆਰਡੀਨੇਟਰ ਨਰੇਸ਼ ਚੌਧਰੀ, ਰਣਦੀਪ ਸੰਗਤਪੁਰਾ ਸਮੇਤ ਹੋਰ ਅਧਿਆਪਕ ਹਾਜ਼ਰ ਸਨ।
ਧੂਰੀ (ਨਿੱਜੀ ਪੱਤਰ ਪ੍ਰੇਰਕ): ਸੀਨੀਅਰ ਸਿਟੀਜ਼ਨ ਵੈੱਲਫ਼ੇਅਰ ਐਸੋਸੀਏਸ਼ਨ ਧੂਰੀ ਨੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਵੱਖ ਵੱਖ ਬੁਲਾਰਿਆਂ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਸ਼ ਸ਼ਰਮਾ, ਸਰਪ੍ਰਸਤ ਗੁਰਦਿਆਲ ਸਿੰਘ ਨਿਰਮਾਣ, ਲੈਕਚਰਾਰ ਰਾਮ ਚੰਦ ਸ਼ਰਮਾ ਨੇ ਸ਼ਹੀਦ ਭਗਤ ਸਿੰਘ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸਾਥੀ ਗੁਰਮੀਤ ਸਿੰਘ ਆਨੰਦ, ਗੁਰਦਿਆਲ ਸਿੰਘ ਨਿਰਮਾਣ, ਮਾਸਟਰ ਵਿਕਰਮਜੀਤ ਸਿੰਘ ਵਿੱਕੀ ਅਤੇ ਰਾਮ ਚੰਦ ਸ਼ਰਮਾ ਨੇ ਸ਼ਹੀਦ ਭਗਤ ਸਿੰਘ ਬਾਰੇ ਕਵਿਤਾਵਾਂ ਸੁਣਾਈਆਂ। ਅੰਤ ਵਿੱਚ ਸਾਰਿਆਂ ਨੇ ਸਮੂਹਿਕ ਤੌਰ ’ਤੇ ਯਾਦਗਾਰੀ ਤਸਵੀਰ ਖਿਚਵਾਈ।