ਢੁੱਡੀਕੇ ’ਚ ਬਾਬਾ ਸੋਹਣ ਸਿੰਘ ਭਕਨਾ ਨੂੰ ਸਮਰਪਿਤ ਸਮਾਗਮ
ਗੁਰਪ੍ਰੀਤ ਸਿੰਘ ਦੌਧਰ
ਅਜੀਤਵਾਲ, 30 ਨਵੰਬਰ
ਗ਼ਦਰ ਯਾਦਗਾਰੀ ਲੋਕ ਸੇਵਾ ਚੈਰੀਟੇਬਲ ਟਰੱਸਟ ਮਾਲਵਾ ਜ਼ੋਨ ਢੁੱਡੀਕੇ ਦੀ ਟੀਮ ਵੱਲੋਂ ਅੱਜ ਗ਼ਦਰੀ ਬਾਬਿਆਂ ਦੀ ਯਾਦ ਵਿੱਚ ਗ਼ਦਰ ਪਾਰਟੀ ਦੇ ਬਾਨੀ ਅਤੇ ਪਹਿਲੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨੂੰ ਸਮਰਪਿਤ ‘ਗ਼ਦਰ ਪਾਰਟੀ ਦੀ ਸਥਾਪਨਾ ਤੇ ਮੁਲਕ ਦੀ ਅਜੋਕੀ ਹਾਲਤ ਵਿਸ਼ੇ ’ਤੇ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸੇਵਾਮੁਕਤ ਪ੍ਰੋਫੈਸਰ ਪਰਮਿੰਦਰ ਸਿੰਘ ਨੇ ਸੰਬੋਧਨ ਕੀਤਾ। ਉਨ੍ਹਾਂ ਗ਼ਦਰ ਪਾਰਟੀ ਦੇ ਇਤਿਹਾਸ, ਦੇਸ਼ ਦੀ ਆਰਥਿਕ ਹਾਲਤ ਅਤੇ ਸਾਮਰਾਜੀ ਲੁੱਟ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ਵਿੱਚ ਦੇਸ਼ ’ਤੇ ਸਾਮਰਾਜੀ ਕੰਪਨੀਆਂ ਦੇ ਗਲਬੇ ਕਾਰਨ ਖੇਤੀ ਦੀ ਹੋ ਰਹੀ ਲੁੱਟ ਤੇ ਦੇਸ਼ ਦੀ ਜਵਾਨੀ ਦਾ ਪਰਵਾਸ ਰੋਕਣ ਲਈ ਦੂਜੇ ਗ਼ਦਰ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਗ਼ਦਰ ਪਾਰਟੀ ਇੱਕ ਧਰਮ ਨਿਰਪੱਖ ਪਾਰਟੀ ਸੀ ਜਿਸ ਵਿੱਚ ਹਿੰਦੂ, ਸਿੱਖ ਅਤੇ ਮੁਸਲਮਾਨਾਂ ਨੇ ਧਰਮ ਤੋਂ ਉਪਰ ਉਠ ਕੇ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਹਾਕਮਾਂ ਦਾ ਸਾਰਾ ਜ਼ੋਰ ਲੋਕਾਂ ਨੂੰ ਧਰਮਾਂ ਦੇ ਨਾਂ ’ਤੇ ਵੰਡਣ ’ਤੇ ਲੱਗਿਆ ਹੋਇਆ ਹੈ, ਜਿਸ ਕਰਕੇ ਸਾਮਰਾਜੀ ਨੀਤੀਆਂ ਖ਼ਿਲਾਫ਼ ਲਾਮਬੰਦ ਹੋਣ ਦੀ ਲੋੜ ਹੈ। ਇਸ ਮੌਕੇ ਜਰਨਲ ਸਕੱਤਰ ਹਰਪਾਲ ਸਿੰਘ ਢੁੱਡੀਕੇ, ਪ੍ਰਧਾਨ ਕੰਵਰਦੀਪ ਸਿੰਘ ਢੁੱਡੀਕੇ, ਟਰੱਸਟ ਮੈਂਬਰ ਅਮਨਦੀਪ ਸਿੰਘ ਮੱਦੋਕੇ, ਨਛੱਤਰ ਸਿੰਘ ਢੁੱਡੀਕੇ, ਉਗਰਾਹਾਂ ਦੇ ਸੂਬਾ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਸੀਪੀਆਈ ਦੇ ਸਕੱਤਰ ਕੁਲਦੀਪ ਭੋਲਾ, ਮੇਜਰ ਸਿੰਘ ਕਾਲੇਕੇ ਤੇ ਹੋਰ ਹਾਜ਼ਰ ਸਨ।