ਵਿਸ਼ਵ ਚੈਂਪੀਅਨਾਂ ਦਾ ਭਰਵਾਂ ਸਵਾਗਤ
ਪੱਤਰ ਪ੍ਰੇਰਕ/ਪੀਟੀਆਈ
ਨਵੀਂ ਦਿੱਲੀ, 4 ਜੁਲਾਈ
ਟੀ20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਅੱਜ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਵਤਨ ਪਰਤ ਆਈ। ਕਿਣ-ਮਿਣ ਅਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਹਵਾਈ ਅੱਡੇ ’ਤੇ ਪ੍ਰਸ਼ੰਸਕਾਂ ਨੇ ਖਿਡਾਰੀਆਂ ਦਾ ਨਿੱਘਾ ਸਵਾਗਤ ਕੀਤਾ। ਇਸ ਮਗਰੋਂ ਟੀਮ ਦੇ ਮੈਂਬਰਾਂ ਨੇ ਨਾਸ਼ਤੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਖਿਡਾਰੀਆਂ ਦੀ ਇੱਕ ਝਲਕ ਪਾਉਣ ਲਈ ਇੱਥੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਸੈਂਕੜੇ ਪ੍ਰਸ਼ੰਸਕ ਮੌਸਮ ਦੀ ਪਰਵਾਹ ਕੀਤੇ ਬਿਨਾਂ ਤਖ਼ਤੀਆਂ ਅਤੇ ਕੌਮੀ ਝੰਡੇ ਲਹਿਰਾ ਰਹੇ ਸੀ। ਪਿਛਲੇ ਸ਼ਨਿੱਚਰਵਾਰ ਨੂੰ ਟੀ20 ਵਿਸ਼ਵ ਕੱਪ ਦੇ ਫਾਈਨਲ ਵਿੱਚ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਸੱਤ ਦੌੜਾਂ ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ ਸੀ।
ਤੂਫ਼ਾਨ ਬੇਰਿਲ ਕਾਰਨ ਬਾਰਬਾਡੋਸ ਵਿੱਚ ‘ਸ਼ਟਡਾਊਨ’ ਹੋਣ ਕਾਰਨ ਭਾਰਤੀ ਟੀਮ ਖਿਤਾਬ ਜਿੱਤਣ ਦੇ ਤੁਰੰਤ ਮਗਰੋਂ ਦੇਸ਼ ਨਹੀਂ ਪਰਤ ਸਕੀ ਸੀ। ਖਿਡਾਰੀ ਆਪਣੇ ਹੋਟਲ ਵਿੱਚ ਹੀ ਰੁਕੇ ਸੀ, ਜਿਸ ਮਗਰੋਂ ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਨੇ ਟੀਮ ਦੀ ਵਾਪਸੀ ਲਈ ਵਿਸ਼ੇਸ਼ ਉਡਾਣ ਦਾ ਪ੍ਰਬੰਧ ਕੀਤਾ। ਏਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ ਏਆਈਸੀ24ਡਬਲਿਊ ‘ਏਅਰ ਇੰਡੀਆ ਚੈਂਪੀਅਨਜ਼ 24 ਵਿਸ਼ਵ ਕੱਪ’ ਭਾਰਤੀ ਸਮੇਂ ਅਨੁਸਾਰ ਬੁੱਧਵਾਰ ਸਵੇਰੇ 4:50 ਵਜੇ ਬਾਰਬਾਡੋਸ ਤੋਂ ਰਵਾਨਾ ਹੋਇਆ ਸੀ ਅਤੇ 16 ਘੰਟੇ ਬਿਨਾਂ ਰੁਕੇ ਸਫ਼ਰ ਤੈਅ ਕਰਨ ਮਗਰੋਂ ਅੱਜ ਸਵੇਰੇ ਛੇ ਵਜੇ ਦਿੱਲੀ ਪਹੁੰਚਿਆ। ਖਿਡਾਰੀਆਂ ਨੂੰ ਆਈਟੀਸੀ ਮੌਰਿਆ ਸ਼ੇਰੇਟਨ ਹੋਟਲ ਲਿਜਾਣ ਲਈ ਟੀ3 ਟਰਮੀਨਲ ਦੇ ਬਾਹਰ ਦੋ ਬੱਸਾਂ ਖੜ੍ਹੀਆਂ ਸਨ।
ਹੋਟਲ ਪਹੁੰਚਣ ’ਤੇ ਢੋਲ ਦੇ ਡੱਗੇ ’ਤੇ ਭੰਗੜੇ ਨਾਲ ਖਿਡਾਰੀਆਂ ਦਾ ਸਵਾਗਤ ਕੀਤਾ ਗਿਆ। ਕਪਤਾਨ ਰੋਹਿਤ ਸ਼ਰਮਾ, ਆਲਰਾਊਂਡਰ ਹਾਰਦਿਕ ਪਾਂਡਿਆ, ਸੂਰਿਆਕੁਮਾਰ ਯਾਦਵ ਅਤੇ ਰਿਸ਼ਭ ਪੰਤ ਸਣੇ ਕਈ ਖਿਡਾਰੀਆਂ ਨੇ ਭੰਗੜਾ ਪਾ ਕੇ ਜਸ਼ਨ ਮਨਾਏ। ਖਿਡਾਰੀ ਟਰਾਫੀ ਵਰਗਾ ਕੇਕ ਕੱਟਣ ਮਗਰੋਂ ਆਪਣੇ ਕਮਰਿਆਂ ਵਿੱਚ ਚਲੇ ਗਏ। ਇੱਥੋਂ ਕੁੱਝ ਸਮੇਂ ਮਗਰੋਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਲਈ ਉਨ੍ਹਾਂ ਦੀ ਰਿਹਾਇਸ਼ ਵੱਲ ਰਵਾਨਾ ਹੋਏ।
ਹੋਟਲ ਪਰਤਣ ਤੋਂ ਪਹਿਲਾਂ ਭਾਰਤੀ ਟੀਮ ਨੇ ਬੀਸੀਸੀਆਈ ਪ੍ਰਧਾਨ ਰੋਜਰ ਬਿੰਨੀ, ਸਕੱਤਰ ਜੈ ਸ਼ਾਹ ਅਤੇ ਮੁੱਖ ਕੋਚ ਰਾਹੁਲ ਦ੍ਰਾਵਿੜ ਦੀ ਮੌਜੂਦਗੀ ਵਿੱਚ ਪ੍ਰਧਾਨ ਮੰਤਰੀ ਦੀ 7, ਲੋਕ ਕਲਿਆਣ ਮਾਰਗ ਸਥਿਤ ਰਿਹਾਇਸ਼ ’ਤੇ ਦੋ ਘੰਟੇ ਬਿਤਾਏ। ਬਾਅਦ ਵਿੱਚ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਕੀਤੀ ਗਈ ਇੱਕ ਵੀਡੀਓ ਵਿੱਚ ਖਿਡਾਰੀਆਂ ਨੂੰ ਮੋਦੀ ਨਾਲ ਗੱਲਬਾਤ ਕਰਦੇ ਦੇਖਿਆ ਜਾ ਸਕਦਾ ਹੈ।
ਭਾਰਤੀ ਟੀਮ ਦੇ ਸਵਾਗਤ ਲਈ ਮੁੰਬਈ ’ਚ ਉਮੜਿਆ ਹਜੂਮ
ਮੁੰਬਈ: ਟੀ20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੇ ਸਵਾਗਤ ਵਿੱਚ ਇਥੇ ਲੋਕ ਵੱਡੀ ਗਿਣਤੀ ਵਿੱਚ ਸੜਕਾਂ ’ਤੇ ਆ ਗਏ। ਟੀਮ ਦੇ ਸਵਾਗਤ ਲਈ ਜੇਤੂ ਪਰੇਡ ਕੱਢੀ ਗਈ ਜਿਸ ਵਿੱਚ ਵੱਡੀ ਗਿਣਤੀ ਲੋਕਾਂ ਨੇ ਹਿੱਸਾ ਲਿਆ। ਲੋਕਾਂ ਦੇ ਹਜੂਮ ਕਾਰਨ ਦੱਖਣੀ ਮੁੰਬਈ ਵਿੱਚ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਪਹਿਲਾਂ ਜੇਤੂ ਪਰੇਡ ਨਰੀਮਨ ਪੁਆਇੰਟ ਵਿੱਚ ਨੈਸ਼ਨਲ ਸੈਂਟਰ ਫਾਰ ਪ੍ਰਫਾਰਮਿੰਗ ਆਰਟਸ (ਐੱਨਸੀਪੀਏ) ਤੋਂ ਸ਼ਾਮ ਪੰਜ ਵਜੇ ਸ਼ੁਰੂ ਹੋਣੀ ਸੀ ਪਰ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਦੇ ਨਵੀਂ ਦਿੱਲੀ ਤੋਂ ਇੱਥੇ ਦੇਰੀ ਨਾਲ ਪੁੱਜਣ ਕਾਰਨ ਸ਼ਾਮ 7:30 ਵਜੇ ਜੇਤੂ ਪਰੇਡ ਸ਼ਰੂ ਹੋਈ। ਇਸ ਪਰੇਡ ਵਿੱਚ ਸ਼ਾਮਲ ਹੋਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਕ੍ਰਿਕਟ ਪ੍ਰੇਮੀ ਮੈਰੀਨ ਡਰਾਈਵ ’ਤੇ ਪਹੁੰਚੇ ਹੋਏ ਸਨ। ਇਸ ਤੋਂ ਪਹਿਲਾਂ ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ 2 ’ਤੇ ਭਾਰਤੀ ਟੀਮ ਨੂੰ ‘ਪਾਣੀ ਦੀਆਂ ਬੁਛਾੜਾਂ’ ਨਾਲ ਸਲਾਮੀ ਦਿੱਤੀ ਗਈ। -ਪੀਟੀਆਈ