ਸੜਕ ਹਾਦਸੇ ’ਚ ਚਾਰ ਸਾਲਾ ਬੱਚੇ ਦੀ ਮੌਤ
ਨਿੱਜੀ ਪੱਤਰ ਪ੍ਰੇਰਕ
ਖੰਨਾ, 24 ਜੂਨ
ਬੀਤੀ ਦੇਰ ਸ਼ਾਮ ਇਥੋਂ ਦੇ ਬੱਸ ਸਟੈਂਡ ਨੇੜੇ ਨੈਸ਼ਨਲ ਹਾਈਵੇਅ ‘ਤੇ ਬਣੇ ਫਲਾਈਓਵਰ ‘ਤੇ ਇਕ ਤੇਜ਼ ਰਫ਼ਤਾਰ ਅਲਟੋ ਕਾਰ ਨੇ 4 ਸਾਲਾਂ ਮਾਸੂਮ ਬੱਚੇ ਦੀ ਜਾਨ ਲੈ ਲਈ ਅਤੇ ਤਿੰਨ ਵਿਅਕਤੀ ਜਖ਼ਮੀ ਹੋਏ। ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਪਰਿਵਾਰ ਦੇ 4 ਵਿਅਕਤੀ ਜੀਟੀ ਰੋਡ ਦੇ ਦੂਜੇ ਪਾਸੇ ਜਾ ਡਿੱਗੇ। ਜਾਣਕਾਰੀ ਅਨੁਸਾਰ ਸਰਹਿੰਦ ਦੇ ਪਿੰਡ ਅਤਾਪੁਰ ਦਾ ਰਹਿਣ ਵਾਲਾ ਉੱਤਮਦੀਪ ਸਿੰਘ ਆਪਣੇ ਸਹੁਰੇ ਨੂੰ ਮਿਲਣ ਲਈ ਮਾਛੀਵਾੜਾ ਸਾਹਿਬ ਗਿਆ ਹੋਇਆ ਸੀ। ਉਸ ਦੇ ਨਾਲ ਮੋਟਰਸਾਈਕਲ ‘ਤੇ ਉਸ ਦੀ ਪਤਨੀ, 4 ਸਾਲ ਦਾ ਬੇਟਾ ਬਿਪਨਜੋਤ ਸਿੰਘ ਅਤੇ 8 ਮਹੀਨੇ ਦਾ ਇਕ ਹੋਰ ਬੇਟਾ ਵੀ ਸੀ। ਜਦੋਂ ਉਹ ਖੰਨਾ ਦੇ ਬੱਸ ਸਟੈਂਡ ਨੇੜੇ ਪੁਲ ‘ਤੇ ਜਾ ਰਹੇ ਸਨ ਤਾਂ ਤੇਜ਼ ਰਫ਼ਤਾਰ ਅਲਟੋ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਉਹ ਰੋਡ ਦੇ ਦੂਜੇ ਪਾਸੇ ਜਾ ਡਿੱਗੇ। ਰਾਹਗੀਰਾਂ ਨੇ ਉਨ੍ਹਾਂ ਨੂੰ ਇਥੋਂ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੇ 4 ਸਾਲਾ ਪੁੱਤਰ ਬਿਪਨਜੋਤ ਸਿੰਘ ਦੀ ਮੌਤ ਹੋ ਗਈ। ਇਸ ਦੌਰਾਨ ਕਾਰ ਚਾਲਕ ਨੇ ਭੱਜਣ ਦੀ ਕੋਸ਼ਿਸ਼ ਤਾਂ ਇਕ ਕਾਰ ਸਵਾਰ ਨੇ ਉਸ ਨੂੰ ਕਾਬੂ ਕਰ ਕੇ ਪੁਲੀਸ ਹਵਾਲੇ ਕੀਤਾ। ਕਾਰ ਸਵਾਰ ਪਾਣੀਪਤ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜੋ ਲੁਧਿਆਣਾ ਤੋਂ ਵਾਪਸ ਜਾ ਰਿਹਾ ਸੀ। ਡਾ. ਅਕਾਸ਼ ਗੋਇਲ ਨੇ ਦੱਸਿਆ ਕਿ ਹਾਦਸੇ ਵਿੱਚ 4 ਵਿਅਕਤੀ ਜਖ਼ਮੀ ਹੋਏ। ਪਤੀ-ਪਤਨੀ ਸਮੇਤ ਦੋ ਜ਼ਖ਼ਮੀ ਬੱਚਿਆਂ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਇਕ ਬੱਚੇ ਦੀ ਮੌਤ ਹੋ ਗਈ ਹੈ। ਥਾਣਾ ਸਿਟੀ-1 ਦੇ ਐੱਸਐੱਚਓ ਹੇਮੰਤ ਮਲਹੋਤਰਾ ਨੇ ਦੱਸਿਆ ਕਿ ਹਾਦਸੇ ਵਿੱਚ ਜ਼ਖ਼ਮੀਆਂ ਦੇ ਬਿਆਨ ਦਰਜ ਕਰ ਕੇ ਕਾਰ ਚਾਲਕ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।