ਲੁੱਟ-ਖੋਹ ਕਰਨ ਵਾਲਾ ਚਾਰ ਮੈਂਬਰੀ ਗਰੋਹ ਕਾਬੂ
ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 5 ਅਕਤੂਬਰ
ਬਰਨਾਲਾ ਪੁਲੀਸ ਨੇ ਪੈਟਰੋਲ ਪੰਪਾਂ ਅਤੇ ਸ਼ਰਾਬ ਦੇ ਠੇਕਿਆਂ ਨੂੰ ਲੁੱਟਣ ਵਾਲੇ 4 ਮੈਬਰੀਂ ਗਰੋਹ ਨੂੰ ਗ੍ਰਿਫ਼ਤਾਰ ਕਰਕੇ 2 ਮੋਟਰਸਾਈਕਲ ਤੇ ਹਥਿਆਰ ਬਰਾਮਦ ਕੀਤੇ ਹਨ। ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਮਲਿਕ ਨੇ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਐੱਸਪੀ ਸਨਦੀਪ ਸਿੰਘ ਮੰਡ, ਡੀਐੱਸਪੀ ਸਤਵੀਰ ਸਿੰਘ ਆਦਿ ਦੀ ਟੀਮ ਵੱਲੋਂ ਕੀਤੀ ਵਿਸ਼ੇਸ਼ ਨਾਕਾਬੰਦੀ ਦੌਰਾਨ ਚਾਰ ਮੈਬਰੀਂ ਗਰੋਹ ਦੇ ਮੱਖਣ ਰਾਮ ਵਾਸੀ ਸਮਾਣ, ਕਰਨ ਵਾਸੀ ਦਿੜ੍ਹਬਾ, ਛਿੰਦਾ ਵਾਸੀ ਬਰਨਾਲਾ ਅਤੇ ਸਨੀ ਵਾਸੀ ਪਟਿਆਲਾ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 2 ਮੋਟਰਸਾਈਕਲ, ਇੱਕ ਪਿਸਤੌਲ 32 ਬੋਰ, 2 ਕਾਰਤੂਸ ਅਤੇ ਬੇਸਬੈਟ ਬਰਾਮਦ ਕਰਕੇ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਗਰੋਹ ਘਰਾਂ ’ਚ ਚੋਰੀਆਂ, ਪੈਟਰੋਲ ਪੰਪਾਂ ਅਤੇ ਸ਼ਰਾਬ ਦੇ ਠੇਕਿਆਂ ਨੂੰ ਲੁੱਟਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕਰਨ, ਮੱਖਣ ਰਾਮ ਅਤੇ ਛਿੰਦਾ ਖ਼ਿਲਾਫ਼ ਲੁਧਿਆਣਾ ਅਤੇ ਬਰਨਾਲਾ ਵਿੱਚ ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਹੋਰ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।
ਚੋਰੀ ਦੇ ਦੋਸ਼ ਹੇਠ ਤਿੰਨ ਕਾਬੂ
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਥਾਣਾ ਸ਼ਹਿਣਾ ਪੁਲੀਸ ਨੇ ਪਿੰਡ ਮੌੜ ਨਾਭਾ ਵਿੱਚ ਹੋਈ ਚੋਰੀ ਦੇ ਸਬੰਧੀ ਤਿੰਨ ਮੁਲਜ਼ਮਾਂ ਨੂੰ ਚੋਰੀ ਦੇ ਸਾਮਾਨ ਸਮੇਤ ਕਾਬੂ ਕੀਤਾ ਹੈ। ਡੀਐੱਸਪੀ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਬਾਬਾ ਹਰੀ ਦਾਸ ਦੇ ਡੇਰੇ ਤੋਂ ਚੋਰਾਂ ਨੇ ਸਾਮਾਨ ਤੇ ਨਕਦੀ ਚੋਰੀ ਕੀਤੀ ਸੀ। ਡੇਰੇ ਦੇ ਸੇਵਾਦਾਰ ਰਾਜਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਸੰਦੀਪ ਸਿੰਘ ਉਰਫ਼ ਬਿੱਲਾ, ਜਗਪਾਲ ਸਿੰਘ ਉਰਫ਼ ਮਿਲਖਾ ਅਤੇ ਸੁਖਚੈਨ ਸਿੰਘ ਉਰਫ਼ ਗਿੱਲ ਵਾਸੀ ਮੌੜ ਪਟਿਆਲਾ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮਾਂ ਕੋਲੋਂ ਚੋਰੀ ਦਾ ਸ ਮਾਨ ਅਤੇ 4 ਹਜ਼ਾਰ ਰੁਪਏ ਨਕਦੀ ਬਰਾਮਦ ਕਰ ਲਈ ਹੈ।