For the best experience, open
https://m.punjabitribuneonline.com
on your mobile browser.
Advertisement

ਲੋਕਾਂ ਦਾ ਜੰਗਲ

09:19 AM Dec 29, 2023 IST
ਲੋਕਾਂ ਦਾ ਜੰਗਲ
Advertisement

ਮੇਜਰ ਸਿੰਘ ਮੱਟਰਾਂ
ਸਾਲ 1980 ਵਿਚ ਪੰਜਾਬ ਸਰਕਾਰ ਨੇ ਬੱਸਾਂ ਦੇ ਕਿਰਾਏ ਵਿਚ 43 ਫੀਸਦ ਵਾਧਾ ਕਰ ਦਿੱਤਾ। ਕਿਰਾਏ ਵਿਚ ਇਕਦਮ ਡੇਢ ਗੁਣਾ ਵਾਧੇ ਕਾਰਨ ਲੋਕਾਂ ਅੰਦਰ ਹਾਹਾਕਾਰ ਮਚ ਗਈ। ਇਸ ਧੱਕੇਸ਼ਾਹੀ ਖਿਲਾਫ਼ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਸਮੇਤ ਕਈ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਨੇ ਸੂਬਾ ਪੱਧਰੀ ਸਾਂਝੀ ਸੰਘਰਸ਼ ਕਮੇਟੀ ਬਣਾਈ। ਇਸ ਕਮੇਟੀ ਨੇ ਪੰਜਾਬ ਭਰ ਵਿਚ ਲਗਾਤਾਰ ਵਿਸ਼ਾਲ ਸੰਘਰਸ਼ ਲੜਿਆ। ਵੱਖ ਵੱਖ ਥਾਈਂ ਪੁਲੀਸ ਨਾਲ ਟੱਕਰ ਹੋਈ। ਸੰਘਰਸ਼ ਹੋਰ ਤਿੱਖਾ ਕਰਨ ਲਈ ਕਮੇਟੀ ਨੇ 29 ਦਸੰਬਰ ਨੂੰ ਬੱਸਾਂ ਦੇ ਘਿਰਾਓ ਦਾ ਸੱਦਾ ਦਿੱਤਾ।
ਉਸ ਸਮੇਂ ਮੈਂ ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਵਿਚ ਪੜ੍ਹਦਾ ਸੀ। ਇਸ ਸੱਦੇ ਨੂੰ ਸੁਨਾਮ-ਲਹਿਰਾ ਇਲਾਕੇ ਵਿਚ ਲਾਗੂ ਕਰਨ ਲਈ ਇਲਾਕੇ ਦੀ ਚਾਰ ਮੈਂਬਰੀ ਕਮੇਟੀ ਜਿਸ ਵਿਚ ਨਾਮਦੇਵ ਸਿੰਘ ਭੁਟਾਲ, ਜਗਜੀਤ ਸਿੰਘ ਭੁਟਾਲ, ਗੁਰਮੇਲ ਸਿੰਘ ਸੰਗਤੀਵਾਲਾ ਤੇ ਮੈਂ ਸ਼ਾਮਿਲ ਸਾਂ, ਦੀ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਛਾਜਲੀ, ਫਤਹਿਗੜ੍ਹ ਅਤੇ ਖੰਡੇਬਾਦ ਵਿਚ ਘਿਰਾਓ ਕੀਤੇ ਜਾਣਗੇ। ਛਾਜਲੀ ਵਿਚ ਮੇਰੀ ਤੇ ਗੁਰਮੇਲ ਸਿੰਘ ਮੇਲੂ, ਪਿੰਡ ਫਤਿਹਗੜ੍ਹ ਵਿਚ ਨਾਮਦੇਵ ਸਿੰਘ ਭੁਟਾਲ ਅਤੇ ਖੰਡੇਬਾਦ ਵਿਚ ਜਗਜੀਤ ਲੀਲੂ ਭੁਟਾਲ ਦੀ ਅਗਵਾਈ ਹੇਠ ਘਿਰਾਓ ਕਰਨ ਦਾ ਫੈਸਲਾ ਹੋਇਆ।
28 ਦਸੰਬਰ ਦੀ ਸ਼ਾਮ ਨੂੰ ਛਾਜਲੀ ਵਿਚ ਕਰਮ ਸਿੰਘ ਸੱਤ, ਬਲਜੀਤ ਸਿੰਘ, ਪ੍ਰਸ਼ੋਤਮ ਕੁੱਕੂ ਬਲਿਆਲ, ਅਵਤਾਰ ਸਿੰਘ, ਸ਼ੇਰ ਸਿੰਘ ਛਾਜਲੀ, ਲਾਭ ਸਿੰਘ ਛਾਜਲਾ ਸਮੇਤ ਨੌਜਵਾਨਾਂ ਦੀ ਮੀਟਿੰਗ ਤਾਨੇ ਦੇ ਚਬਾਰੇ ਵਿਚ ਕਰ ਕੇ ਰਣਨੀਤੀ ਬਣਾਈ। 29 ਦਸੰਬਰ ਸਵੇਰ ਹੁੰਦਿਆਂ ਹੀ ਨੌਜਵਾਨ ਸਕੁਐਡ ਨੇ ਪਿੰਡ ਦੇ ਮੁੱਖ ਅੱਡੇ ’ਤੇ ਆਈਆਂ ਪਹਿਲੀਆਂ ਬੱਸਾਂ ਦੀ ਫੂਕ ਕੱਢ ਦਿੱਤੀ ਅਤੇ ਘਿਰਾਓ ਲਈ ਪਿੰਡ ’ਚ ਲਾਮਬੰਦੀ ਸ਼ੁਰੂ ਕੀਤੀ। ਕੁਝ ਸਮੇਂ ਬਾਅਦ 100 ਕੁ ਨੌਜਵਾਨਾਂ ਦੇ ਕਾਫ਼ਲੇ ਸਮੇਤ ਅਸੀਂ ਜਦੋਂ ਦੁਬਾਰਾ ਬੱਸ ਅੱਡੇ ਵੱਲ ਗਏ ਤਾਂ ਸੁਨਾਮ ਦੇ ਥਾਣੇਦਾਰ ਪਿਆਰਾ ਲਾਲ ਸਮੇਤ ਭਾਰੀ ਪੁਲੀਸ ਪਹੁੰਚੀ ਹੋਈ ਸੀ। ਥਾਣੇਦਾਰ ਨੇ ਦਬਕਾ ਮਾਰਿਆ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬੱਸਾਂ ਨੇੜੇ ਫਟਕਣ ਨਹੀਂ ਦਿੱਤਾ ਜਾਵੇਗਾ।
ਮੌਕੇ ਦੀ ਨਜ਼ਾਕਤ ਦੇਖਦਿਆਂ ਅਸੀਂ ਆਪਣਾ ਇਕੱਠ ਹੋਰ ਵਧਾਉਣ ਲਈ ਇੱਕ ਵਾਰ ਵਾਪਸ ਪਿੰਡ ਵੱਲ ਮੁੜ ਗਏ। ਫਿਰ ਪੂਰੀ ਲਾਮਬੰਦੀ ਕਰ ਕੇ ਦੁਬਾਰਾ ਜੋਸ਼ ਭਰਪੂਰ  ਕਾਫ਼ਲਾ ਨਾਅਰੇ ਮਾਰਦਾ ਅੱਡੇ ’ਤੇ ਪਹੁੰਚ ਗਿਆ। ਜੋਸ਼ ਭਰਪੂਰ ਇਕੱਠ ਦੇਖ ਕੇ ਉਹੀ ਥਾਣੇਦਾਰ ਛਿੱਥਾ ਪੈ ਗਿਆ ਅਤੇ ਅਸੀਂ ਘਿਰਾਓ ਸ਼ੁਰੂ ਕਰ ਦਿੱਤਾ। ਜਿਵੇਂ ਜਿਵੇਂ ਦਿਨ ਚੜ੍ਹਦਾ ਗਿਆ ਤਾਂ ਛਾਜਲਾ, ਸੰਗਤੀਵਾਲਾ, ਭਾਈ ਕੀ ਪਸ਼ੌਰ, ਮੈਦੇਵਾਸ, ਮੋਜੋਵਾਲ ਆਦਿ ਪਿੰਡਾਂ ਤੋਂ ਵੀ ਲੋਕ ਘਿਰਾਓ ’ਚ ਸ਼ਾਮਿਲ ਹੋ ਗਏ।
ਬੱਸ ਅੱਡੇ ਤੋਂ ਥੋੜ੍ਹਾ ਹਟਵਾਂ ਸੰਗਤੀਵਾਲਾ ਮੋੜ ਦੇ ਟੀ-ਪੁਆਇੰਟ ’ਤੇ ਸੰਘਰਸ਼ ਦਾ ਅਖਾੜਾ ਭਖਾ ਦਿੱਤਾ ਗਿਆ। ਜੋਸ਼ ਭਰੇ ਨਾਅਰੇ, ਗੀਤ ਅਤੇ ਭਾਸ਼ਣ ਚੱਲਦੇ ਰਹੇ। ਲੋਕਾਂ ਦੇ ਇਕੱਠ ਵਿਚ ਮਾਈ ਬਚਨ ਕੌਰ ਛਾਜਲੀ ਸਮੇਤ ਵੱਡੀ ਗਿਣਤੀ ਵਿਚ ਔਰਤਾਂ ਵੀ ਸ਼ਾਮਿਲ ਹੋ ਗਈਆਂ। ਦੁਪਹਿਰ 12 ਵਜੇ ਦੇ ਕਰੀਬ ਟਾਇਰਾਂ ਨਾਲ ਭਰੀ ਪੀਆਰਟੀਸੀ ਦੀ ਓਪਨ ਬੱਸ ਅਤੇ ਵੱਡੀ ਗਿਣਤੀ ’ਚ ਹੋਰ ਪੁਲੀਸ ਫੋਰਸ ਵੀ ਪਹੁੰਚ ਗਈ। ਲੋਕ ਇਸ ਬੱਸ ਵਿਚ ਪਏ ਟਾਇਰਾਂ ਦੀ ਫੂਕ ਕੱਢਣ ਲੱਗ ਪਏ। ਪੁਲੀਸ ਨੇ ਰੋਕਣਾ ਤਾਂ ਚਾਹਿਆ ਪਰ ਲੋਕਾਂ ਦੇ ਠਾਠਾਂ ਮਾਰਦੇ ਜੋਸ਼ ਅੱਗੇ ਕੁਝ ਨਾ ਕਰ ਸਕੀ। ਫਿਰ ਪੁਲੀਸ ਨੇ ਹੰਝੂ ਗੈਸ ਛੱਡ ਕੇ ਡਰਾਉਣਾ ਚਾਹਿਆ ਪਰ ਇਸ ਕਾਰਵਾਈ ਨੇ ਬਲਦੀ ’ਤੇ ਤੇਲ ਛਿੜਕਣ ਦਾ ਕੰਮ ਕੀਤਾ। ਪਹਿਲਾਂ ਪੁਲੀਸ ਨੇ ਸਾਨੂੰ ਮੂਹਰਲੇ ਆਗੂਆਂ ਨੂੰ ਫੜਨ ਦੀ ਕੋਸ਼ਿਸ ਕੀਤੀ ਪਰ ਲੋਕਾਂ ਨੇ ਇਹ ਚਾਲ ਨਕਾਮ ਕਰ ਦਿੱਤੀ। ਅਖ਼ੀਰ ਪੁਲੀਸ ਨੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਨਾਲ ਸ਼ੇਰ ਸਿੰਘ ਛਾਜਲੀ, ਦਿਆਲ ਸਿੰਘ ਸਮੇਤ ਕਈ ਜਣੇ ਗੰਭੀਰ ਜ਼ਖ਼ਮੀ ਹੋ ਗਏ ਪਰ ਲੋਕ ਨਾਅਰੇ ਮਾਰਦੇ ਅੱਗੇ ਵਧਦੇ ਗਏ ਅਤੇ ਪੁਲੀਸ ਨੂੰ ਭੱਜਣਾ ਪਿਆ। ਜ਼ਖ਼ਮੀਆਂ ਨੂੰ ਸੰਭਾਲਿਆ ਗਿਆ ਅਤੇ ਸਾਰੇ ਪਿੰਡ ਵਿਚ ਜੋਸ਼ ਭਰਭੂਰ ਮੁਜ਼ਾਹਰਾ ਕੀਤਾ ਗਿਆ। ਸ਼ਾਮ ਨੂੰ ਪਿੰਡ ਵਿਚ ਫਿਰ ਵਿਸ਼ਾਲ ਰੈਲੀ ਕੀਤੀ।
ਅਗਲੇ ਦਿਨ ਭਾਰੀ ਗਿਣਤੀ ’ਚ ਪੁਲੀਸ ਬਲਜੀਤ ਸਿੰਘ ਅਤੇ ਕਰਮ ਸਿੰਘ ਸੱਤ ਨੂੰ ਫੜਨ ਪਹੁੰਚੀ ਪਰ ਔਰਤਾਂ ਨੇ ਇਕੱਠੀਆਂ ਹੋ ਕੇ ਪੁਲੀਸ ਨੂੰ ਫਿਟਕਾਰਾਂ ਪਾ ਕੇ ਵਾਪਸ
ਮੁੜਨ ਲਈ ਮਜਬੂਰ ਕਰ ਦਿੱਤਾ। ਫਿਰ ਇੱਕ ਦਿਨ ਛਾਪੇ ਦੌਰਾਨ ਪੁਲੀਸ ਪ੍ਰਸ਼ੋਤਮ ਕੁੱਕੂ ਬਲਿਆਲ ਦੇ ਛੋਟੇ ਭਰਾ  ਸੂਰਜ ਭਾਨ ਨੂੰ ਚੁੱਕ ਕੇ ਲੈ ਗਈ। ਉਂਝ ਕਈ ਮਹੀਨੇ ਪੁਲੀਸ ਨੂੰ ਪਿੰਡ ਵਿਚ ਵੜਨ ਨਹੀਂ ਦਿੱਤਾ ਗਿਆ। ਅਸੀਂ ਸਾਰੇ ਨੌਜਵਾਨ ਭਾਵੇਂ ਪੁਲੀਸ ਦੀਆਂ ਨਜ਼ਰਾਂ ਵਿਚ ‘ਭਗੌੜੇ’ ਸੀ ਪਰ ਇਲਾਕੇ ਦੇ ਪਿੰਡਾਂ ਵਿਚ ਰੈਲੀਆਂ ਕਰਦੇ ਫਿਰਦੇ ਸੀ। ਲਾਮਬੰਦੀ ਸਦਕਾ ਪੁਲੀਸ ਸਾਨੂੰ ਹੱਥ ਨਹੀਂ ਪਾ ਸਕੀ। ਲੋਕਾਂ ਨੇ ਜੰਗਲ ਬਣ ਕੇ ਆਪਣੇ ਪੁੱਤਾਂ ਦੀ ਰਾਖੀ ਕੀਤੀ ਅਤੇ  ਸੰਘਰਸ਼ ਵਿਚ ਹਿੱਸਾ ਪਾਇਆ।
ਸੰਪਰਕ: 98142-07558

Advertisement

Advertisement
Author Image

Advertisement
Advertisement
×