ਲਾਇਲਪੁਰ ਖ਼ਾਲਸਾ ਕਾਲਜ ਵਿੱਚ ਫੁੱਲਾਂ ਦੀ ਪ੍ਰਦਰਸ਼ਨੀ ਲਗਾਈ
ਪੱਤਰ ਪ੍ਰੇਰਕ
ਜਲੰਧਰ, 28 ਮਾਰਚ
ਲਾਇਲਪੁਰ ਖ਼ਾਲਸਾ ਕਾਲਜ ਦੇ ਜੁਆਲੋਜੀ ਅਤੇ ਬਾਟਨੀ ਵਿਭਾਗ ਵੱਲੋਂ ਫੁੱਲਾਂ ਦੀ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿੱਚ ਕਾਲਜ ਕੈਂਪਸ ਦੀ ਕੁਦਰਤੀ ਸੁੰਦਰਤਾ ਦੇ ਪਿਛੋਕੜ ਵਿੱਚ ਵਿਦਿਆਰਥੀਆਂ ਦੇ ਸਿਰਜਣਾਤਮਕ ਹੁਨਰ ਨੂੰ ਪ੍ਰਗਟ ਕਰਨ ਦਾ ਮੌਕਾ ਦਿੱਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਜੁਆਲੋਜੀ ਅਤੇ ਬਾਟਨੀ ਵਿਭਾਗ ਵੱਲੋਂ ਕਰਵਾਏ ਗਏ ਪ੍ਰੋਗਰਾਮ ਦਾ ਉਦਘਾਟਨ ਕੀਤਾ ਗਿਆ। ਇਸ ਪ੍ਰਦਰਸ਼ਨੀ ਵਿੱਚ ਵਿਦਿਆਰਥੀਆਂ ਦੀ ਫੁੱਲਾਂ ਵਾਲੇ ਬਰਤਨਾਂ ਦੀ ਸਜਾਵਟ, ਫੋਟੋਗ੍ਰਾਫੀ ਮੁਕਾਬਲੇ, ਫੁੱਲਾਂ ਵਾਲੇ ਪੌਦਿਆਂ ਦੀਆਂ ਹਰਬੇਰੀਅਮ ਸ਼ੀਟਾਂ ਦੀ ਪ੍ਰਦਰਸ਼ਨੀ ਵਰਗੀਆਂ ਗਤੀਵਿਧੀਆਂ ਵਿੱਚ ਹਿੱਸਾ ਲਿਆ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮਾਂ ਨਾਲ ਵਿਦਿਆਰਥੀਆਂ ਨੂੰ ਪੌਦੇ ਲਗਾਉਣ, ਬਾਗਬਾਨੀ ਅਤੇ ਵਾਤਾਵਰਨ ਦੀ ਸੰਭਾਲ ਪ੍ਰਤੀ ਰੁਚੀ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਸਿਰਜਣਾਤਮਕ ਹੁਨਰ ਨੂੰ ਉਜਾਗਰ ਕਰਨ ਅਤੇ ਵਿਭਿੰਨਤਾ ਨੂੰ ਸਵੀਕਾਰ ਕਰਨ ਅਤੇ ਮਨਾਉਣ ਦਾ ਮੌਕਾ ਮਿਲਦਾ ਹੈ। ਡਾ. ਹੇਮਿੰਦਰ ਸਿੰਘ ਦੁਆਰਾ ਫੁੱਲਾਂ ਦੀ ਸੁੰਦਰਤਾ, ਮਹੱਤਤਾ, ਉਤਪਤੀ ਅਤੇ ਵਿਕਾਸ ਬਾਰੇ ਇੱਕ ਦਿਲਚਸਪ ਭਾਸ਼ਣ ਦਿੱਤਾ ਗਿਆ। ਪ੍ਰਦਰਸ਼ਨੀ ਵਿੱਚ ਡਾ. ਸਿਮਰਨਜੀਤ ਸਿੰਘ ਬੈਂਸ ਨੇ ਜੱਜ ਦੀ ਭੂਮਿਕਾ ਨਿਭਾਈ। ਇਸ ਸਮਾਗਮ ਵਿੱਚ ਪਹਿਲਾ ਇਨਾਮ ਤਲਵੀਰ ਕੌਰ, ਦੂਜਾ ਇਨਾਮ ਮਹਿਕ ਦੱਤਾ ਅਤੇ ਤੀਜਾ ਇਨਾਮ ਅਮਨਪ੍ਰੀਤ ਕੌਰ ਨੇ ਜਿੱਤਿਆ। ਇਸ ਮੌਕੇ ਸਟੇਜ ਦਾ ਸੰਚਾਲਨ ਪ੍ਰੋ. ਸਰਬਜੀਤ ਸਿੰਘ ਨੇ ਕੀਤਾ। ਵਿਭਾਗ ਦੇ ਅਧਿਆਪਕ ਡਾ. ਉਪਮਾ ਅਰੋੜਾ ਨੇ ਸਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੋ. ਜਸਰੀਨ ਕੌਰ (ਵਾਈਸ ਪ੍ਰਿੰਸੀਪਲ), ਪ੍ਰੋ. ਨਵਦੀਪ ਕੌਰ (ਕਾਲਜ ਰਜਿਸਟਰਾਰ) ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਸਟਾਫ ਮੈਂਬਰਾਂ ਨੇ ਸ਼ਿਰਕਤ ਕੀਤੀ।