ਲੁੱਟਾਂ-ਖੋਹਾਂ ਕਰਨ ਵਾਲਾ ਪੰਜ ਮੈਂਬਰੀ ਗਰੋਹ ਅਸਲੇ ਸਣੇ ਕਾਬੂ
ਸਰਬਜੀਤ ਸਿੰਘ ਭੰਗੂ
ਪਟਿਆਲਾ, 15 ਨਵੰਬਰ
ਪਟਿਆਲਾ ਦੇ ਐੱਸਪੀ ਸਿਟੀ ਸਰਫਰਾਜ ਆਲਮ ਤੇ ਡੀਐੱਸਪੀ ਸਿਟੀ ਸਤਨਾਮ ਸਿੰਘ ਦੀ ਨਿਗਰਾਨੀ ਹੇਠ ਥਾਣਾ ਸਿਵਲ ਲਾਈਨ ਦੇ ਮੁਖੀ ਇੰਸਪੈਕਟਰ ਅੰਮ੍ਰਿਤਵੀਰ ਚਹਿਲ ਅਤੇ ਪਲੀਜ਼ ਚੌਕੀ ਮਾਡਲ ਟਾਊਨ ਦੇ ਇੰਚਾਰਜ ਰਣਜੀਤ ਸਿੰਘ ਰੀਤੂ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਪੰਜ ਮੈਂਬਰੀ ਗਰੋਹ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਪਿਸਤੌਲ ਅਤੇ ਹੋਰ ਮਾਰੂ ਹਥਿਆਰ ਵੀ ਬਰਾਮਦ ਕੀਤੇ ਹਨ। ਇਹ ਜਾਣਕਾਰੀ ਪਟਿਆਲਾ ਦੇ ਐੱਸਐੱਸਪੀ ਡਾਕਟਰ ਨਾਨਕ ਸਿੰਘ ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪੁਲੀਸ ਦੇ ਹੱਥੇ ਚੜ੍ਹੇ ਇਨ੍ਹਾਂ ਮੁਲਜ਼ਮਾਂ ਵਿੱਚ ਰੋਬਿਨ ਰੈਬੋ, ਦੀਪਕ ਕੁਮਾਰ ਦੀਪੂ, ਰਣਜੀਤ ਕੁਮਾਰ ਨਾਹਟਾ ਅਤੇ ਮਨੋਜ ਕੁਮਾਰ ਮੋਨੂ ਵਾਸੀਆਨ ਨਾਭਾ ਸਮੇਤ ਮਨਪ੍ਰੀਤ ਮੱਲੀ ਵਾਸੀ ਸੁਖਰਾਮ ਕਲੋਨੀ ਪਟਿਆਲਾ ਦੇ ਨਾਂ ਸ਼ਾਮਲ ਹਨ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਦੋ ਪਿਸਤੌਲ, ਅੱਠ ਕਾਰਤੂਸ, ਇੱਕ ਚਾਕੂ ਦੋ ਲੋਹੇ ਦੀਆਂ ਰਾੜਾਂ ਸਮੇਤ 23 ਤੋਲੇ ਸੋਨੇ ਦੇ ਗਹਿਣੇ ਵੀ ਮਿਲੇ ਹਨ। ਪੁਲੀਸ ਮੁਖੀ ਨੇ ਦੱਸਿਆ ਕਿ ਇਸ ਗਰੋਹ ਦੇ ਮੁਖੀ ਰਣਜੀਤ ਕੁਮਾਰ ਨਾਟਾ ਦੇ ਖਿਲਾਫ ਵੱਖ-ਵੱਖ ਥਾਣਿਆਂ ਵਿੱਚ ਕਾਤਲ ਸੰਬੰਧੀ ਵੀ ਤਿੰਨ ਕੇ ਦਰਜ ਹਨ, ਜਦ ਕਿ ਬਾਕੀ ਮੁਲਜ਼ਮ ਵੀ ਵੱਖ-ਵੱਖ ਤਰ੍ਹਾਂ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਹਨ। ਇਸ ਤਰ੍ਹਾਂ ਇਹਨਾਂ ਦੀ ਆਪਸੀ ਸਾਂਝ ਜੇਲ ਯਾਤਰਾ ਦੌਰਾਨ ਪਈ ਤੇ ਬਾਹਰ ਆ ਕੇ ਉਨ੍ਹਾਂ ਨੇ ਗਰੋਹਾਂ ਬਣਾ ਲਿਆ। ਐੱਸਐੱਸਪੀ ਡਾਕਟਰ ਨਾਨਕ ਸਿੰਘ ਨੇ ਦੱਸਿਆ ਕਿ ਹੁਣ ਜਦੋਂ ਇਸ ਗਰੋਹ ਵੱਲੋਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਯੋਜਨਾ ਬੰਦੀ ਬਣਾਈ ਜਾ ਰਹੀ ਸੀ ਤਾਂ ਗੁਪਤ ਦਲਾ ਦੇ ਆਧਾਰ ’ਤੇ ਮਾਡਲ ਟਾਊਨ ਚੌਕੀ ਦੇ ਇੰਚਾਰਜ ਰਣਜੀਤ ਸਿੰਘ ਰੀਤੂ ਅਤੇ ਥਾਣਾ ਸਿਵਲ ਲਾਈਨ ਦੇ ਮੁਖੀ ਇੰਸਪੈਕਟਰ ਅੰਮ੍ਰਿਤਵੀਰ ਸਿੰਘ ਚਹਿਲ ਦੀਆਂ ਟੀਮਾਂ ਨੇ ਮੁਲਜ਼ਮਾਂ ਨੂੰ ਦਬੋਚ ਲਿਆ। ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਵਲ ਲਾਈਨ ਵਿੱਚ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।