ਦਿਨ ਵਿੱਚ ਸਰਗਰਮ ਰਹਿਣ ਵਾਲਾ ਮਛੇਰਾ ਉੱਲੂ
ਗੁਰਮੀਤ ਸਿੰਘ*
ਮਛੇਰਾ ਉੱਲੂ ਦਿਨ-ਰਾਤ ਅਰਥਾਤ ਹਰ ਵੇਲੇ ਸਰਗਰਮ ਰਹਿਣ ਵਾਲਾ ਪੰਛੀ ਹੈ। ਇਸ ਨੂੰ ਪੰਜਾਬੀ ਵਿੱਚ ਮਛੇਰਾ ਉੱਲੂ, ਅੰਗਰੇਜ਼ੀ ਵਿੱਚ ਬਰਾਊਨ ਫਿਸ਼ ਆਉਲ (Brown Fish Owl) ਅਤੇ ਹਿੰਦੀ ਵਿੱਚ ਅਮਰਾਈ ਕਾ ਘੁੱਗੂ ਜਾਂ ਭੂਰਾ ਮਛੇਰਾ ਘੁੱਗੂ ਕਹਿੰਦੇ ਹਨ। ਮਛੇਰਾ ਉੱਲੂ ਤੁਰਕੀ, ਇਰਾਨ, ਪਾਕਿਸਤਾਨ, ਭਾਰਤ, ਨੇਪਾਲ, ਭੂਟਾਨ, ਬੰਗਲਾਦੇਸ਼, ਸ੍ਰੀਲੰਕਾ, ਮਿਆਂਮਾਰ, ਚੀਨ, ਹਾਂਗਕਾਂਗ, ਥਾਈਲੈਂਡ, ਕੰਬੋਡੀਆ, ਲਾਓਸ, ਵੀਅਤਨਾਮ ਅਤੇ ਮਲੇਸ਼ੀਆ ਵਿੱਚ ਪਾਇਆ ਜਾਂਦਾ ਹੈ।
ਆਪਣੇ ਦੇ ਨਾਮ ਦੇ ਅਨੁਸਾਰ ਇਹ ਭੋਜਨ ਲਈ ਮੱਛੀਆਂ ਫੜਨ ਵਿੱਚ ਆਪਣਾ ਬਹੁਤਾ ਸਮਾਂ ਬਿਤਾਉਂਦਾ ਹੈ। ਇਹ ਸੁੰਦਰ ਉੱਲੂ ਹੈ ਜਿਸ ਦੇ ਚਿਹਰੇ ਦੁਆਲੇ ਝੁਰੜੀਆਂ ਵਾਲੇ ਖੰਭ ਹੁੰਦੇ ਹਨ। ਇਸ ਦੇ ਸਾਰੇ ਸਰੀਰ ਵਿੱਚ ਭੂਰੇ, ਕਾਲੇ ਅਤੇ ਕਰੀਮ ਰੰਗ ਦੀਆਂ ਧਾਰੀਆਂ ਦਾ ਇੱਕ ਸੁੰਦਰ ਮਿਸ਼ਰਣ ਹੁੰਦਾ ਹੈ। ਇਸ ਦੀਆਂ ਅੱਖਾ ਦੀਆਂ ਪੁਤਲੀਆਂ ਪੀਲੀਆਂ ਚਮਕਦਾਰ ਹੁੰਦੀਆਂ ਹਨ। ਇਸ ਉੱਲੂ ਦੀ ਲੰਬਾਈ 50 ਤੋਂ 60 ਸੈਂਟੀਮੀਟਰ ਅਤੇ ਭਾਰ 1100 ਤੋਂ 1300 ਗ੍ਰਾਮ ਹੁੰਦਾ ਹੈ। ਇਸ ਦੀ ਮਾਦਾ, ਨਰ ਨਾਲੋਂ ਵੱਡੀ ਹੁੰਦੀ ਹੈ।
ਮਛੇਰੇ ਉੱਲੂਆਂ ਦੀਆਂ ਪ੍ਰਜਾਤੀਆਂ ਦੀ ਖੁਰਾਕ ਜ਼ਿਆਦਾਤਰ ਮੱਛੀਆਂ ਹੁੰਦੀਆਂ ਹਨ। ਕਈ ਤਰ੍ਹਾਂ ਦੇ ਸ਼ਿਕਾਰੀ ਜਾਨਵਰ ਜਿਵੇਂ ਕਿ ਡੱਡੂ, ਕੇਕੜੇ, ਝੀਂਗਾ, ਸੱਪ ਅਤੇ ਕਿਰਲੀਆਂ ਆਦਿ ਨੂੰ ਵੀ ਇਹ ਖਾ ਲੈਂਦੇ ਹਨ। ਇਹ ਉੱਲੂ ਰਾਤ ਅਤੇ ਦਿਨ ਦੇ ਵੇਲੇ ਖਾਸ ਕਰਕੇ ਬੱਦਲਵਾਈ ਵਾਲੇ ਮੌਸਮ ਵਿੱਚ ਸ਼ਿਕਾਰ ਕਰਦੇ ਵੇਖੇ ਜਾ ਸਕਦੇ ਹਨ। ਇਹ ਕਿਸੇ ਚੱਟਾਨ ਉੱਤੇ ਜਾਂ ਪਾਣੀ ਉੱਤੇ ਲਟਕਦੀ ਕਿਸੇ ਸ਼ਾਖ ਜਾਂ ਟਾਹਣੀ ਉੱਤੇ ਬੈਠਣਾ ਪੰਸਦ ਕਰਦੇ ਹਨ ਅਤੇ ਸ਼ਿਕਾਰ ਨੂੰ ਵੇਖ ਕੇ ਪਾਣੀ ਉੱਤੇ ਉੱਡਣਾ ਸ਼ੁਰੂ ਕਰ ਦਿੰਦੇ ਹਨ। ਇਹ ਆਪਣੀਆਂ ਲੰਬੀਆਂ ਲੱਤਾਂ ਨੂੰ ਤੇਜ਼ੀ ਨਾਲ ਫੈਲਾਅ ਕੇ ਭੋਜਨ ਨੂੰ ਫੜ ਲੈਂਦੇ ਹਨ। ਕਈ ਵਾਰ ਉਹ ਸ਼ਿਕਾਰ ਨੂੰ ਫੜਨ ਲਈ ਪਾਣੀ ਵਿੱਚ ਵੀ ਘੁੰਮਦੇ ਹਨ।
ਭਾਰਤੀ ਉਪ ਮਹਾਂਦੀਪ ਵਿੱਚ ਇਸ ਉੱਲੂ ਦਾ ਪ੍ਰਜਣਨ ਦਾ ਸਮਾਂ ਨਵੰਬਰ ਤੋਂ ਮਾਰਚ ਤੱਕ ਹੁੰਦਾ ਹੈ। ਇਹ ਜੀਵਨ ਭਰ ਲਈ ਜੋੜੀ ਬਣਾ ਕੇ ਰੱਖਦੇ ਹਨ। ਮਾਦਾ, ਨਰ ਨਾਲੋਂ ਥੋੜ੍ਹੀ ਵੱਡੀ ਹੁੰਦੀ ਹੈ। ਇਹ ਆਪਣੇ ਆਲ੍ਹਣੇ ਪੁਰਾਣੇ ਰੁੱਖਾਂ, ਖੜ੍ਹੇ ਪਾਣੀ ਦੇ ਕਿਨਾਰਿਆਂ, ਪਹਾੜੀਆਂ ਦੇ ਕੰਢਿਆਂ ਅਤੇ ਗੁਫ਼ਾਵਾਂ ਵਿੱਚ ਵੱਡੇ ਛੇਕ, ਖੋਖਲੀਆਂ ਮੋਰੀਆਂ ਵਿੱਚ ਬਣਾਉਂਦੇ ਹਨ। ਕਈ ਵਾਰ ਇਹ ਉੱਲੂ, ਇੱਲ੍ਹਾਂ ਅਤੇ ਗਿਰਝਾਂ ਦੇ ਛੱਡੇ ਆਲ੍ਹਣੇ ਦੀ ਵਰਤੋਂ ਵੀ ਕਰਦੇ ਹਨ। ਆਲ੍ਹਣੇ ਵਿੱਚ ਆਮ ਤੌਰ ‘ਤੇ ਮਾਦਾ ਦੋ ਆਂਡੇ ਦਿੰਦੀ ਹੈ। ਇਨ੍ਹਾਂ ਵਿੱਚੋਂ ਚੂਚੇ 35 ਦਿਨਾਂ ਬਾਅਦ ਬਾਹਰ ਨਿਕਲਦੇ ਹਨ ਅਤੇ ਸੱਤ ਹਫ਼ਤਿਆਂ ਬਾਅਦ ਬੱਚੇ ਉਡਾਰੀ ਮਾਰ ਜਾਂਦੇ ਹਨ। ਪੰਜਾਬ ਵਿੱਚ ਵੀ ਇਹ ਪ੍ਰਜਾਤੀ ਵੇਖਣ ਵਿੱਚ ਆਈ ਹੈ। ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ ਨੇ ਮਛੇਰੇ ਉੱਲੂ ਨੂੰ ਸ਼੍ਰੇਣੀਬੱਧ ਅਤੇ ਮੁਲਾਂਕਣ ਕੀਤਾ ਹੈ ਅਤੇ ਇਸ ਨੂੰ ਘੱਟ ਤੋਂ ਘੱਟ ਚਿੰਤਾ ਵਜੋਂ ਸੂਚੀਬੱਧ ਕੀਤਾ ਹੈ। ਜੰਗਲੀ ਜੀਵ (ਸੁਰੱਖਿਆ) ਐਕਟ, 1972 ਅਤੇ ਸੋਧ ਐਕਟ 2022 ਵਿੱਚ ਇਸ ਪ੍ਰਜਾਤੀ ਨੂੰ ਐਕਟ ਦੇ ਸ਼ਡਿਊਲ 1 ਵਿੱਚ ਸ਼ਾਮਲ ਕਰਕੇ ਸੁਰੱਖਿਆ ਦਿੱਤੀ ਗਈ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ: 98884-56910