ਜਲੰਧਰ ’ਚ ਦੁਕਾਨ ਦੀ ਤੀਜੀ ਮੰਜ਼ਿਲ ’ਤੇ ਅੱਗ ਲੱਗੀ
ਪੱਤਰ ਪ੍ਰੇਰਕ
ਜਲੰਧਰ, 9 ਨਵੰਬਰ
ਇਥੋਂ ਦੇ ਪੰਜ ਪੀਰ ਚੌਕ ਨੇੜੇ ਇੱਕ ਦੁਕਾਨ ਦੀ ਤੀਜੀ ਮੰਜ਼ਿਲ ’ਤੇ ਅੱਗ ਲੱਗ ਗਈ। ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਇਆ। ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ ਦੁਕਾਨ ਲਈ ਰੱਖਿਆ ਸਾਰਾ ਕੱਪੜਾ ਸੜ ਕੇ ਸੁਆਹ ਹੋ ਗਿਆ। ਘਟਨਾ ਸਮੇਂ ਦੁਕਾਨ ਬੰਦ ਸੀ। ਜਦੋਂ ਅਚਾਨਕ ਧੂੰਆਂ ਨਿਕਲਦਾ ਦੇਖਿਆ ਗਿਆ ਤਾਂ ਤੁਰੰਤ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ।
ਦੁਕਾਨ ਮਾਲਕ ਵਰੁਣ ਨੇ ਦੱਸਿਆ ਕਿ ਉਹ ਕੱਪੜੇ ਦਾ ਕੰਮ ਕਰਦਾ ਹੈ। ਉਸ ਦੀ ਧੀ ਸਭ ਤੋਂ ਪਹਿਲਾਂ ਦੁਕਾਨ ’ਤੇ ਪਹੁੰਚੀ। ਉਸ ਨੇ ਦੇਖਿਆ ਕਿ ਦੁਕਾਨ ਅੰਦਰੋਂ ਧੂੰਆਂ ਨਿਕਲ ਰਿਹਾ ਸੀ। ਜਦੋਂ ਲੜਕੀ ਨੇ ਉੱਪਰ ਜਾ ਕੇ ਦੇਖਿਆ ਤਾਂ ਅੱਗ ਲੱਗੀ ਹੋਈ ਸੀ। ਅੱਗ ਬੁਝਾਉਣ ਲਈ ਪਾਣੀ ਵੀ ਪਾਇਆ ਗਿਆ ਤਾਂ ਵੀ ਅੱਗ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਬਾਅਦ ਵਿੱਚ ਅੱਗ ਭਿਆਨਕ ਰੂਪ ਧਾਰ ਗਈ। ਇਸ ਮਗਰੋਂ ਮਾਮਲੇ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਫਾਇਰ ਬ੍ਰਿਗੇਡ ਅਧਿਕਾਰੀ ਰਾਹੁਲ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਪੰਜ ਪੀਰ ਚੌਕ ਸਥਿਤ ਟਰਾਂਸਫਾਰਮਰ ਨੇੜੇ ਅੱਗ ਲੱਗ ਗਈ ਹੈ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਘਟਨਾ ਸਥਾਨ ’ਤੇ ਪਹੁੰਚ ਗਈਆਂ। ਦੋ ਗੱਡੀਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਮੁੱਢਲੀ ਜਾਂਚ ਤੋਂ ਪਤਾ ਚੱਲ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੋ ਸਕਦੀ ਹੈ ਕਿਉਂਕਿ ਘਟਨਾ ਸਥਾਨ ’ਤੇ ਅਜਿਹਾ ਕੁਝ ਵੀ ਨਹੀਂ ਮਿਲਿਆ ਜੋ ਕਿਸੇ ਲਾਪ੍ਰਵਾਹੀ ਨੂੰ ਦਰਸਾਉਂਦਾ ਹੋਵੇ।