ਏਮਸ ਦੀ ਪੁਰਾਣੀ ਓਪੀਡੀ ਵਿੱਚ ਅੱਗ ਲੱਗੀ
ਮਨਧੀਰ ਸਿੰਘ ਦਿਓਲ/ਪੀਟੀਆਈ
ਨਵੀਂ ਦਿੱਲੀ, 7 ਅਗਸਤ
ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਸ) ਦੀ ਪੁਰਾਣੀ ਓਪੀਡੀ ਦੀ ਦੂਜੀ ਮੰਜ਼ਿਲ ’ਤੇ ਸਥਿਤ ਐਂਡੋਸਕੋਪੀ ਕਮਰੇ ਵਿੱਚ ਅੱਜ ਅੱਗ ਲੱਗ ਗਈ। ਅੱਗ ਲੱਗਣ ਕਾਰਨ ਐਂਡੋਸਕੋਪੀ ਕਮਰੇ ਵਿੱਚ ਜ਼ੇਰੇ ਇਲਾਜ ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਤੇ ਹਸਪਤਾਲ ਦੇ ਬਾਹਰ ਸੜਕ ’ਤੇ ਮਰੀਜ਼ਾਂ ਦੇ ਬਿਸਤਰੇ ਲਾਏ ਗਏ। ਇਸ ਸਬੰਧੀ ਅਧਿਕਾਰੀਆਂ ਨੇ ਦੱੱਸਿਆ ਕਿ ਏਮਸ ਦੀ ਮੁੱਖ ਇਮਾਰਤ ਦੀ ਦੂਜੀ ਮੰਜ਼ਲ ’ਤੇ ਪੁਰਾਣੀ ਰਾਜ ਕੁਮਾਰੀ ਅੰਮ੍ਰਿਤ ਕੌਰ ਓਪੀਡੀ ’ਚ ਸਵੇਰੇ 11.55 ਵਜੇ ਦੇ ਕਰੀਬ ਅੱਗ ਲੱਗ ਗਈ ਤੇ ਖਿੜਕੀਆਂ ’ਚੋਂ ਧੂੰਆਂ ਨਿਕਲਦਾ ਦਿਖਾਈ ਦਿੱਤਾ। ਉਨ੍ਹਾਂ ਦੱਸਿਆ ਕਿ ਅੱਗ ਦੀ ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਵਿਭਾਗ ਦੀਆਂ 13 ਗੱਡੀਆਂ ਘਟਨਾ ਸਥਾਨ ’ਤੇ ਪੁੱਜੀਆਂ ਤੇ ਦਪਹਿਰ 1 ਵਜੇ ਦੇ ਕਰੀਬ ਅੱਗ ’ਤੇ ਕਾਬੂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਬਾਰੇ ਹਾਲੇ ਕੁਝ ਨਹੀਂ ਪਤਾ ਲੱਗਾ, ਫਿਲਹਾਲ ਘਟਨਾ ਵਾਲੀ ਥਾਂ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਜਾਣਕਾਰੀ ਅਨੁਸਾਰ ਅੱਗ ਬੁਝਾਉਣ ਲਈ ਹਸਪਤਾਲ ਵਿੱਚ ਜ਼ਮੀਨਦੋਜ਼ ਪਾਣੀ ਦੀ ਟੈਂਕੀ ਦਾ ਪਾਣੀ ਵੀ ਵਰਤਿਆ ਗਿਆ, ਜਿਸ ਨਾਲ ਅੱਗ ’ਤੇ ਛੇਤੀ ਕਾਬੂ ਪਾਇਆ ਜਾ ਸਕਿਆ। ਫਾਇਰ ਵਿਭਾਗ ਦੇ ਅਧਿਕਾਰੀ ਵੇਦਪਾਲ ਸ਼ਿਕਾਰਾ ਨੇ ਦੱਸਿਆ ਕਿ ਅੱਗ ਲੱਗਣ ਦੀ ਸ਼ੁਰੂਆਤ ਇਮਾਰਤ ਦੇ ਸਟੋਰ ਤੋਂ ਹੋਈ ਸੀ, ਜੋ ਐਂਡੋਸਕੋਪੀ ਕਮਰੇ ਤੱਕ ਪੁੱਜ ਗਈ। ਉਨ੍ਹਾਂ ਦੱਸਿਆ ਕਿ ਸਾਵਧਾਨੀ ਦੇ ਤੌਰ ‘ਤੇ ਏਮਜ਼ ਕੈਂਪਸ ਦੇ ਅੰਦਰ ਦਾਖਲਾ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਸੀ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਹਸਪਤਾਲ ‘ਚ ਹਫੜਾ-ਦਫੜੀ ਮਚ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਤੋਂ ਬਾਅਦ ਪਰਤ ਗਈਆਂ।
ਹਸਪਤਾਲ ਦੇ ਸੂਤਰਾਂ ਅਨੁਸਾਰ ਪੁਰਾਣੀ ਓਪੀਡੀ ਵਿੱਚ ਐਡੋਂਸਕੋਪੀ, ਐਮਰਜੈਂਸੀ ਤੇ ਡਾਇਗਨੋਸਟਿਕ ਸੇਵਾਵਾ ਹਾਲ ਦੀ ਘੜੀ ਰੋਕ ਦਿੱਤੀਆਂ ਹਨ। ਕੁਝ ਮਰੀਜ਼ਾਂ ਨੂੰ ਸਫਦਰਜੰਗ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਤੇ ਕਈ ਨੇੜਲੇ ਹਸਪਤਾਲਾਂ ਦੇ ਐਮਰਜੈਂਸੀ ਵਾਰਡ ’ਚ ਦਾਖ਼ਲ ਹੋਣ ਦੀ ਉਡੀਕ ਕਰ ਰਹੇ ਹਨ। ਜਾਣਕਾਰੀ ਅਨੁਸਾਰ ਅੱਗ ਲੱਗਣ ਮਗਰੋਂ ਹਸਪਤਾਲ ਦੀ ਇਮਾਰਤ ਨੇੜੇ ਲੋਕਾਂ ਦੀ ਭੀੜ ਇਕੱਠੀ ਹੋ ਗਈ, ਜਿਸ ਨੂੰ ਪੁਲੀਸ ਵੱਲੋਂ ਕਾਬੂ ਕੀਤਾ ਗਿਆ। ਹਸਪਤਾਲ ਦੇ ਇਕ ਸੀਨੀਅਰ ਡਾਕਟਰ ਨੇ ਦੱਸਿਆ ਕਿ ਜਦੋਂ ਅੱਗ ਲੱਗੀ ਉਸ ਵੇਲੇ ਦੋ ਮਰੀਜ਼ ਐਡੋਂਸਕੋਪੀ ਕਮਰੇ ਵਿੱਚ ਸਨ ਤੇ 80 ਦੇ ਕਰੀਬ ਮਰੀਜ਼ ਉਡੀਕ ਘਰ ਵਿੱਚ ਸਨ। ਉਨ੍ਹਾਂ ਦੱਸਿਆ ਕਿ 31 ਮਰੀਜ਼ ਆਸੀਓ ’ਚ ਸਨ ਜਿਨ੍ਹਾਂ ਨੂੰ ਬਾਅਦ ਵਿੱਚ ਏਬੀ-2 ਵਾਰਡ ਵਿੱਚ ਤਬਦੀਲ ਕੀਤਾ ਗਿਆ। ਡਾਕਟਰਾਂ ਅਨੁਸਾਰ ਹਸਪਤਾਲ ਵਿੱਚ ਮਰੀਜ਼ਾਂ ਦੀ ਗਿਣਤੀ ਬਾਰੇ ਦੱਸਣਾ ਮੁਸ਼ਕਿਲ ਹੈ। ਇਸ ਦੌਰਾਨ ਹਸਪਤਾਲ ਵਿੱਚ ਦਾਖ਼ਲ ਤਨੂ ਦੇਵੀ ਦੀ ਲੜਕੀ ਕਿਰਨ ਨੇ ਦੱਸਿਆ ਕਿ ਉਸ ਦੀ ਮਾਂ ਐਮਰਜੈਂਸੀ ਵਾਰਡ ਵਿੱਚ ਦਾਖ਼ਲ ਸੀ, ਜਿਸ ਨੂੰ ਸੁਰੱਖਿਆ ਬਾਹਰ ਕੱਢਿਆ ਗਿਆ। ਉਸ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਉਹ ਘਬਰਾ ਗਏ ਸਨ, ਪਰ ਹਸਪਤਾਲ ਦੇ ਸਟਾਫ ਨੇ ਤੁਰੰਤ ਚੌਕਸੀ ਵਰਤਦਿਆਂ ਉਨ੍ਹਾਂ ਨੂੰ ਸੁਰੱਖਿਆ ਬਾਹਰ ਕੱਢ ਲਿਆ। ਉਸ ਨੇ ਦੱਸਿਆ ਕਿ ਉਹ ਆਪਣੀ ਮਾਂ ਲਈ ਬਹੁਤ ਚਿੰਤਤ ਸੀ। ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਆਏ ਇਕ ਧਰੁਵ ਪਾਲ ਨੇ ਕਿਹਾ ਕਿ ਉਹ ਆਪਣੇ ਪੁੱਤਰ ਦਾ ਇਲਾਜ ਕਰਵਾਉਣ ਲਈ ਕੌਮੀ ਰਾਜਧਾਨੀ ਵਿੱਚ ਆਇਆ ਸੀ, ਪਰ ਅੱਗ ਲੱਗਣ ਕਾਰਨ ਉਹ ਹੁਣ ਵਾਪਸ ਬਿਨਾ ਇਲਾਜ ਕਰਵਾਏ ਜਾ ਰਹੇ ਹਨ।