ਕਰਿਆਨੇ ਦੀ ਦੁਕਾਨ ਵਿੱਚ ਅੱਗ ਲੱਗੀ
09:02 AM Jul 20, 2023 IST
ਪੱਤਰ ਪ੍ਰੇਰਕ
ਕਾਹਨੂੰਵਾਨ, 19 ਜੁਲਾਈ
ਸਥਾਨਕ ਕਸਬੇ ਦੇ ਮੁੱਖ ਬਾਜ਼ਾਰ ਵਿੱਚ ਸਥਿਤ ਲਵਲੀ ਸਵੀਟਸ ਅਤੇ ਕਰਿਆਨਾ ਸਟੋਰ ਵਿੱਚ ਅੱਜ ਤੜਕੇ ਬਿਜਲੀ ਦਾ ਸ਼ਾਰਟ-ਸਰਕਟ ਹੋਣ ਕਾਰਨ ਅੱਗ ਲੱਗ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਰੋਜ਼ ਦੀ ਤਰ੍ਹਾਂ ਦੁਕਾਨ ਬੰਦ ਕਰ ਕੇ ਘਰ ਚਲੇ ਗਏ ਸਨ। ਅੱਜ ਸਵੇਰ ਸਮੇਂ ਸੈਰ ਕਰਨ ਵਾਲੇ ਕੁੱਝ ਸਥਾਨਕ ਰਾਹਗੀਰਾਂ ਨੇ ਦੁਕਾਨ ਵਿਚੋਂ ਧੂੰਆਂ ਨਿਕਲਦਾ ਦੇਖ ਕੇ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਦੁਕਾਨ ਅੰਦਰੋਂ ਅੱਗ ਦੀਆਂ ਲਪਟਾਂ ਅਤੇ ਧੂਆਂ ਨਿਕਲ ਰਿਹਾ ਸੀ। ਉਨ੍ਹਾਂ ਨੇ ਫਾਇਰ ਬ੍ਰਿਗੇਡ ਗੁਰਦਾਸਪੁਰ ਸਟੇਸ਼ਨ ਨੂੰ ਵੀ ਇਸ ਸਬੰਧੀ ਸੂਚਿਤ ਕੀਤਾ, ਪਰ ਫਾਇਰ ਗੱਡੀਆਂ ਦੇ ਪਹੁੰਚਣ ਤੱਕ ਦੁਕਾਨ ਅੰਦਰ ਪਿਆ ਕਰਿਆਨੇ ਦਾ ਸਾਰਾ ਸਮਾਨ ਸੜਨ ਕੇ ਸੁਆਹ ਹੋ ਗਿਆ। ਉਨ੍ਹਾਂ ਦੱਸਿਆ ਕਿ ਦੁਕਾਨ ’ਚ ਅੱਗ ਲੱਗਣ ਕਾਰਨ ਕਰੀਬ 10 ਤੋਂ 12 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।
Advertisement
Advertisement