ਫੈਕਟਰੀ ਦੀ ਉਸਾਰੀ ਅਧੀਨ ਇਮਾਰਤ ਵਿੱਚ ਅੱਗ ਲੱਗੀ
ਹਤਿੰਦਰ ਮਹਿਤਾ
ਜਲੰਧਰ, 26 ਅਗਸਤ
ਫੋਕਲ ਪੁਆਇੰਟ ਐਕਸਟੈਨਸ਼ਨ ਵਿੱਚ ਲੰਘੀ ਦੇਰ ਰਾਤ ਇਕ ਉਸਾਰੀ ਅਧੀਨ ਐੱਚ.ਆਰ. ਇੰਡਸਟਰੀ ਨਾਂ ਦੀ ਫੈਕਟਰੀ ਵਿੱਚ ਧਮਾਕੇ ਨਾਲ ਅੱਗ ਲੱਗ ਗਈ। ਮੌਕੇ ’ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਨੇ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਬਚਾਅ ਕਾਰਜਾਂ ਦੌਰਾਨ ਕਿਸੇ ਨੂੰ ਫੈਕਟਰੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਫੋਕਲ ਪੁਆਇੰਟ ਪੁਲੀਸ ਚੌਕੀ ਦੇ ਇੰਚਾਰਜ ਨਰਿੰਦਰ ਮੋਹਣ ਨੇ ਦੱਸਿਆ ਕਿ ਟਰਾਂਸਫਾਰਮਰ ਵਿੱਚ ਸ਼ਾਰਟ ਸਰਕਟ ਹੋਣ ਤੋਂ ਬਾਅਦ ਧਮਾਕਾ ਹੋਇਆ ਜਿਸ ਕਾਰਨ ਪਰਮਜੀਤ ਸਿੰਘ ਵਾਸੀ ਬਚਿੰਤ ਨਗਰ ਜਲੰਧਰ ਜੋ ਕਿ ਫੈਕਟਰੀ ਵਿੱਚ ਬਿਜਲੀ ਦਾ ਕੰਮ ਕਰਦਾ ਸੀ, ਦੀ ਕਰੰਟ ਲਗੱਣ ਕਾਰਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਨੇ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਹਾਦਸੇ ਦੌਰਾਨ ਮੌਕੇ ’ਤੇ ਮੌਜੂਦ ਪ੍ਰਤੱਖਦਰਸੀਆਂ ਨੇ ਦੱਸਿਆ ਕਿ ਧਮਾਕਾ ਕਾਫੀ ਜ਼ੋਰਦਾਰ ਸੀ। ਪੁਲੀਸ ਨੇ ਕੇਸ ਦਰਜ ਕਰ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।