ਬਿਜਲੀ ਦੀਆਂ ਤਾਰਾਂ ਭਿੜਨ ਕਾਰਨ ਕੰਬਲ ਫੈਕਟਰੀ ਵਿੱਚ ਅੱਗ ਲੱਗੀ
ਗੁਰਬਖਸ਼ਪੁਰੀ
ਤਰਨ ਤਾਰਨ, 13 ਅਕਤੂਬਰ
ਇੱਥੋਂ ਦੇ ਪਿੰਡ ਗੋਹਲਵੜ੍ਹ ਸਥਿਤ ਕੋਚਰ ਕੰਬਲਾਂ ਦੀ ਫੈਕਟਰੀ ਵਿੱਚ ਕੱਲ੍ਹ ਦੇਰ ਸ਼ਾਮ ਅੱਗ ਲੱਗ ਗਈ। ਅੱਗ ਕਾਰਨ ਫੈਕਟਰੀ ਵਿੱਚ ਕਰੋੜਾਂ ਰੁਪਏ ਦੇ ਨੁਕਸਾਨ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਅੰਤਰ-ਰਾਸ਼ਟਰੀ ਪੱਧਰ ਦੀ ਕੋਚਰ ਸੰਗ-ਅਪ ਐਕਰਾਲਿਕ (ਕੋਚਰ ਕੰਬਲਾਂ ਦੀ ਫੈਕਟਰੀ) ਦੇ ਮਾਲਕਾਂ ਨੇ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਹੈ| ਉਂਜ ਅੱਗ ਦੀ ਘਟਨਾ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ| ਜ਼ਿਕਰਯੋਗ ਹੈ ਕਿ ਇਸ ਫੈਕਟਰੀ ਵਿੱਚ ਅੱਠ ਸਾਲ ਪਹਿਲਾਂ ਵੀ ਅੱਗ ਲੱਗੀ ਸੀ| ਜਾਣਕਾਰੀ ਅਨੁਸਾਰ ਕੱਲ੍ਹ ਦੇਰ ਸ਼ਾਮ ਮਿੱਲ ਦੇ ਨਿਟਿੰਗ ਅਤੇ ਕਾਰਪੈਟਿੰਗ ਯੂਨਿਟਾਂ ਵਿੱਚ ਅੱਗ ਲੱਗੀ ਹੈ| ਅੱਗ ਇੰਨੀ ਭਿਆਨਕ ਸੀ ਕਿ ਇਸ ’ਤੇ ਕਾਬੂ ਪਾਉਣ ਲਈ ਤਰਨ ਤਾਰਨ ਅਤੇ ਪੱਟੀ ਤੋਂ ਇਲਾਵਾ ਸੁਲਤਾਨਪੁਰ ਲੋਧੀ, ਕਪੂਰਥਲਾ, ਅੰਮ੍ਰਿਤਸਰ, ਗੁਰਦਾਸਪੂਰ, ਜੰਡਿਆਲਾ ਗੁਰੂ ਆਦਿ ਤੋਂ ਥਾਵਾਂ ਤੋਂ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ 15 ਗੱਡੀਆਂ ਨੇ 10 ਘੰਟੇ ਦੀ ਮੁਸ਼ਕੱਤ ਨਾਲ ਅੱਗ ’ਤੇ ਕਾਬੂ ਪਾਇਆ|
ਫ਼ਾਇਰ ਅਧਿਕਾਰੀ ਤਰਨ ਤਾਰਨ ਸੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਫੈਕਟਰੀ ਦਾ ਆਪਣਾ ਫ਼ਾਇਰ ਸਿਸਟਮ ਕੰਮ ਨਹੀਂ ਸੀ ਕਰ ਸਕਿਆ ਅਤੇ ਹੋਰ ਤਾਂ ਹੋਰ ਫੈਕਟਰੀ ਦੀ ਆਪਣੀ ਮੋਟਰ ਚਾਲੂ ਵੀ ਨਹੀਂ ਹੋਈ ਅਤੇ ਨਾ ਹੀ ਫੈਕਟਰੀ ਦੇ ਅੰਦਰ ਪਾਣੀ ਭੰਡਾਰਨ ਕੀਤਾ ਹੋਇਆ ਸੀ| ਇਸ ਕਰਕੇ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਆਸ ਪਾਸ ਤੋਂ ਪਾਣੀ ਲਿਆਉਣ ਵਿੱਚ ਮੁਸ਼ਕਲ ਆਈ| ਸਥਾਨਕ ਥਾਣਾ ਸਿਟੀ ਦੇ ਐੱਸਐੱਚਓ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਉਹ ਪੁਲੀਸ ਫੋਰਸ ਨਾਲ ਮੌਕੇ ’ਤੇ ਪੁੱਜੇ ਅਤੇ ਬਚਾਅ ਕਾਰਵਾਈਆਂ ਕੀਤੀਆਂ| ਉਨ੍ਹਾਂ ਕਿਹਾ ਬਚਾਅ ਕਾਰਵਾਈਆਂ ਰਾਤ ਭਰ ਚਲਦੀਆਂ ਰਹੀਆਂ|
ਉਨ੍ਹਾਂ ਦੱਸਿਆ ਕਿ ਫੈਕਟਰੀ ਦੇ ਮਾਲਕਾਂ ਵਲੋਂ ਦਰਜ ਕਰਵਾਈ ਸ਼ਿਕਾਇਤ ਵਿੱਚ ਅੱਗ ਦੇ ਬਿਜਲੀ ਦਾ ਸ਼ਾਰਟ ਸਰਕਟ ਹੋਣਾ ਦੱਸਿਆ ਹੈ| ਮਾਲਕਾਂ ਨੇ ਅੱਗ ਨਾਲ ਹੇਏ ਨੁਕਸਾਨ ਦੀ ਜਾਣਕਾਰੀ ਬਾਅਦ ਵਿੱਚ ਦੇਣ ਲਈ ਕਿਹਾ ਹੈ| ਡੀਐੱਸਪੀ ਕਮਲਮੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਕਾਰਵਾਈ ਸ਼ੁਰੂ ਕੀਤੀ ਹੈ| ਫੈਕਟਰੀ ਵਿੱਚ 2000 ਦੇ ਕਰੀਬ ਵਰਕਰ ਕੰਮ ਕਰਦੇ ਹਨ ਅਤੇ ਬੀਤੇ ਕੱਲ੍ਹ ਦਸਹਿਰੇ ਦੀ ਛੁੱਟੀ ਹੋਣ ਕਰਕੇ ਕਿਸੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ| ਅੱਗ ਕਰਕੇ ਫੈਕਟਰੀ ਦੇ ਸ਼ੈੱਡ ਡਿੱਗ ਗਏ|