ਦੋ ਮੰਜ਼ਿਲਾ ਕੱਪੜਾ ਫੈਕਟਰੀ ਵਿੱਚ ਅੱਗ ਲੱਗੀ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 8 ਸਤੰਬਰ
ਪੱਛਮੀ ਦਿੱਲੀ ਦੇ ਮੁੰਡਕਾ ਥਾਣਾ ਖੇਤਰ ਦੇ ਬੱਕਰਵਾਲਾ ਵਿੱਚ ਸਥਿਤ ਦੋ ਮੰਜ਼ਿਲਾ ਕੱਪੜਾ ਫੈਕਟਰੀ ਵਿੱਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫਾਇਰ ਬ੍ਰਿਗੇਡ ਦੀਆਂ 26 ਗੱਡੀਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਘਟਨਾ ਵਾਲੀ ਥਾਂ ਨੂੰ ਠੰਢਾ ਕਰਨ ਦਾ ਕੰਮ ਦੁਪਹਿਰ ਤੱਕ ਜਾਰੀ ਰਿਹਾ। ਅਧਿਕਾਰੀਆਂ ਮੁਤਾਬਕ ਫੈਕਟਰੀ ਅੰਦਰ ਕੱਪੜਾ ਪਿਆ ਹੋਣ ਕਰਕੇ ਤੇਜ਼ੀ ਨਾਲ ਅੱਗ ਫੜਨ ਵਾਲੇ ਰਸਾਇਣਾਂ ਨਾਲ ਅੱਗ ਭਿਆਨਕ ਹੋ ਗਈ।
ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਮੁੰਡਕਾ ਥਾਣਾ ਪੁਲੀਸ ਦੇ ਅਧਿਕਾਰੀਆਂ ਵੱਲੋਂ ਐੱਫਆਈਆਰ ਦਰਜ ਕਰਕੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ੱਕ ਕੀਤਾ ਜਾ ਰਿਹਾ ਹੈ ਕਿ ਗੈਸ ਸਿਲੰਡਰ ਤੋਂ ਅੱਗੇ ਅੱਗ ਫੈਲੀ।
ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਐਤਵਾਰ ਸਵੇਰੇ ਕਰਮਚਾਰੀ ਫੈਕਟਰੀ ਵਿੱਚ ਕੰਮ ਕਰਨ ਲਈ ਆ ਰਹੇ ਸਨ। ਇਸ ਦੌਰਾਨ ਫੈਕਟਰੀ ਵਿੱਚ ਅਚਾਨਕ ਅੱਗ ਲੱਗ ਗਈ। ਸਾਰੇ ਮੁਲਾਜ਼ਮਾਂ ਨੇ ਫੈਕਟਰੀ ਤੋਂ ਬਾਹਰ ਆ ਕੇ ਆਪਣੀ ਜਾਨ ਬਚਾਈ।
ਇਸ ਦੌਰਾਨ ਪੁਲੀਸ ਅਤੇ ਫਾਇਰ ਵਿਭਾਗ ਨੂੰ ਬੁਲਾਇਆ ਗਿਆ ਅਤੇ ਫੈਕਟਰੀ ਦੇ ਆਲੇ ਦੁਆਲੇ ਲੋਕਾਂ ਨੂੰ ਹਟਾਇਆ ਗਿਆ। ਫੈਕਟਰੀ ਦੇ ਆਲੇ-ਦੁਆਲੇ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਤਾਂ ਜੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸੌਖੇ ਪੁੱਜ ਸਕਣ। ਇਸ ਦੌਰਾਨ ਲੋਕਾਂ ਨੇ ਆਪਣੇ ਵਾਹਨ ਰਸਤੇ ਤੋਂ ਹਟਾ ਲਏ।
ਰਾਹ ਵਿੱਚ ਵਾਹਨ ਜਾਂ ਹੋਰ ਕੋਈ ਰੁਕਾਵਟ ਨਾ ਹੋਣ ਕਾਰਨ ਫਾਇਰ ਬ੍ਰਿਗੇਡ ਦੇ ਟੈਂਡਰ ਆਸਾਨੀ ਨਾਲ ਫੈਕਟਰੀ ਤੱਕ ਪਹੁੰਚ ਗਏ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚਦਿਆਂ ਹੀ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ।
ਫਾਇਰ ਅਫਸਰ ਨੇ ਦੱਸਿਆ ਕਿ ਉਨ੍ਹਾਂ ਨੂੰ ਐਤਵਾਰ ਸਵੇਰੇ 6.56 ਵਜੇ ਬੱਕਰਵਾਲਾ ਸਥਿਤ ਫੈਕਟਰੀ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਫਾਇਰ ਬ੍ਰਿਗੇਡ ਦੀਆਂ 26 ਗੱਡੀਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਕਾਰਨ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫੈਕਟਰੀ ਵਿੱਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।