ਜੁੱਤੀਆਂ ਬਣਾਉਣ ਵਾਲੀ ਫੈਕਟਰੀ ਵਿੱਚ ਅੱਗ ਲੱਗੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਸਤੰਬਰ
ਇੱਥੋਂ ਦੇ ਲਾਰੈਂਸ ਰੋਡ ਇੰਡਸਟਰੀਅਲ ਖੇਤਰ ਵਿੱਚ ਮੈਨੂਫੈਕਚਰਿੰਗ ਫੈਕਟਰੀ ਵਿਚ ਅੱਗ ਲੱਗ ਗਈ। ਇਸ ਘਟਨਾ ਨੇ ਸਬੰਧਤ ਖੇਤਰ ਵਿਚ ਹਫੜਾ-ਦਫੜੀ ਮਚਾ ਦਿੱਤੀ। ਸਥਾਨਕ ਪੁਲੀਸ ਅਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਸਥਿਤੀ ’ਤੇ ਕਾਬੂ ਪਾਇਆ। ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਅੱਗ ਬੁਝਾ ਲਈ। ਜ਼ਿਕਰਯੋਗ ਹੈ ਕਿ ਉੱਤਰ-ਪੱਛਮੀ ਦਿੱਲੀ ਦੇ ਲਾਰੈਂਸ ਰੋਡ ਉਦਯੋਗਿਕ ਖੇਤਰ ਵਿੱਚ ਐਤਵਾਰ ਦੁਪਹਿਰ ਨੂੰ ਜੁੱਤੀਆਂ ਬਣਾਉਣ ਵਾਲੀ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਦਿੱਲੀ ਫਾਇਰ ਸਰਵਿਸਿਜ਼ ਦੇ ਅਧਿਕਾਰੀਆਂ ਮੁਤਾਬਕ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ। ਇਸ ਦੌਰਾਨ ਕੋਈ ਜਾਨੀ ਜਾਂ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਨੂੰ ਦੁਪਹਿਰ 12.19 ’ਤੇ ਫੈਕਟਰੀ ਵਿੱਚ ਅੱਗ ਲੱਗਣ ਬਾਰੇ ਸੂਚਨਾ ਪ੍ਰਾਪਤ ਹੋਈ। ਇਸ ਮਗਰੋਂ ਕੁੱਲ 19 ਫਾਇਰ ਟੈਂਡਰਾਂ ਨੂੰ ਸਬੰਧਤ ਥਾਂ ’ਤੇ ਭੇਜਿਆ ਗਿਆ। ਫਾਇਰ ਬ੍ਰਿਗੇਡ ਨੇ ਕਾਫ਼ੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਕਿਸੇ ਦੇ ਜ਼ਖਮੀ ਹੋਣ ਜਾਂ ਮੌਤ ਹੋਣ ਦੀ ਸੂਚਨਾ ਨਹੀਂ ਹੈ । ਉਨ੍ਹਾਂ ਦੱਸਿਆ ਕਿ ਇਸ ਅੱਗ ਨਾਲ ਮਾਲੀ ਨੁਕਸਾਨ ਹੋਇਆ ਹੈ ਅਤੇ ਮੁੱਖ ਤੌਰ ’ਤੇ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਜਾਪਦਾ ਹੈ। ਜੁੱਤੀਆਂ ਬਣਾਉਣ ਦੀ ਫੈਕਟਰੀ ਹੋਣ ਕਾਰਨ ਅੰਦਰ ਰਸਾਇਣ ਪਏ ਸਨ ਜਿਸ ਕਰਕੇ ਅੱਗ ਬਹੁਤ ਤੇਜ਼ੀ ਨਾਲ ਭੜਕੀ। ਇਸ ਦੌਰਾਨ ਫੈਕਟਰੀ ਦੇ ਮੁਲਾਜ਼ਮਾਂ ਵਿੱਚੋਂ ਬਹੁਤੇ ਐਤਵਾਰ ਹੋਣ ਕਰਕੇ ਡਿਊਟੀ ’ਤ ਨਹੀਂ ਸਨ ਆਏ, ਜੋ ਆਏ ਸਨ, ਉਨ੍ਹਾਂ ਨੂੰ ਅੱਗ ਦਾ ਪਤਾ ਲਗਦੇ ਹੀ ਉਹ ਬਾਹਰ ਨਿਕਲ ਆਏ। ਛੁੱਟੀ ਹੋਣ ਕਰਕੇ ਸੜਕਾਂ ਉਤੇ ਜਾਮ ਨਹੀਂ ਸੀ। ਗੱਡੀਆਂ ਸਮੇਂ ਉਪਰ ਅੱਗ ਵਾਲੀ ਥਾਂ ’ਤੇ ਪਹੁੰਚ ਗਈਆਂ। ਮੌਕੇ ’ਤੇ ਸਬੰਧਤ ਇਲਾਕੇ ਦੀ ਪੁਲੀਸ ਵੀ ਪਹੁੰਚੀ ਹੋਈ ਸੀ।