ਰੈਡੀਮੇਡ ਕੱਪੜਿਆਂ ਦੀ ਦੁਕਾਨ ’ਚ ਅੱਗ ਲੱਗੀ
ਰਤਨ ਸਿੰਘ ਢਿੱਲੋਂ
ਅੰਬਾਲਾ, 30 ਅਕਤੂਬਰ
ਅੰਬਾਲਾ ਛਾਉਣੀ ਦੇ ਸਦਰ ਬਾਜ਼ਾਰ ਵਿੱਚ ਅੱਜ ਤੜਕੇ ਰੈਡੀਮੇਡ ਕੱਪੜਿਆਂ ਦੀ ਦੁਕਾਨ ਨੂੰ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ਬੁਝਾਈ। ਜਾਣਕਾਰੀ ਅਨੁਸਾਰ ਅੱਜ ਸਵੇਰੇ 4 ਕੁ ਵਜੇਅੰਬਾਲਾ ਛਾਉਣੀ ਦੇ ਸਦਰ ਬਾਜ਼ਾਰ ਵਿੱਚ ਚੌਕੀਦਾਰੀ ਕਰ ਰਹੇ ਵਿਅਕਤੀ ਨੇ ਤੁਲਸੀ ਕ੍ਰਿਏਸ਼ਨ ਨਾਂ ਦੀ ਦੁਕਾਨ ਵਿੱਚੋਂ ਧੂੰਆਂ ਨਿਕਲਦਾ ਦੇਖਿਆ। ਉਸ ਨੇ ਦੀਵਾਲੀ ਮੌਕੇ ਬਜ਼ਾਰ ਵਿਚ ਲੜੀਆਂ ਲਾ ਰਹੇ ਨੌਜਵਾਨਾਂ ਨੂੰ ਅੱਗ ਲੱਗਣ ਬਾਰੇ ਦੱਸਿਆ।ਨੌਜਵਾਨਾਂ ਨੇ ਦੁਕਾਨ ਦੇ ਮਾਲਕ ਅਰਜਨ ਬਜਾਜ ਨੂੰ ਫੋਨ ਕਰਕੇ ਅੱਗ ਲੱਗਣ ਦੀ ਸੂਚਨਾ ਦੇਣ ਦੀ ਕੋਸ਼ਿਸ਼ ਕੀਤੀ ਪਰ ਫੋਨ ਨਾ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਫਾਇਰ ਬ੍ਰਿਗੇਡ ਤੇ ਪੁਲੀਸ ਨੂੰ ਸੂਚਿਤ ਕੀਤਾ। ਕੁਝ ਸਮੇਂ ਬਾਅਦ ਫਾਇਰ ਬ੍ਰਿਗੇਡ ਅਤੇ ਪੁਲੀਸ ਮੌਕੇ ’ਤੇ ਪਹੁੰਚ ਗਈ ਤੇ ਫਾਇਰ ਕਰਮੀਆਂ ਨੇ ਅੱਗ ‘ਤੇ ਕਾਬੂ ਪਾਇਆ।
ਦੁਕਾਨ ਮਾਲਕ ਅਰਜਨ ਬਜਾਜ ਨੇ ਦੱਸਿਆ ਕਿ ਦੁਕਾਨ ਵਿੱਚ ਤਿਆਰ ਸਾਮਾਨ ਰੱਖਿਆ ਹੋਇਆ ਸੀ। ਅੱਗ ਲੱਗਣ ਦੀ ਸੂਚਨਾ ਸਥਾਨਕ ਲੋਕਾਂ ਅਤੇ ਚੌਕੀਦਾਰ ਤੋਂ ਮਿਲੀ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ।