ਬਹੁ-ਮੰਜ਼ਿਲਾ ਅਪਾਰਟਮੈਂਟ ਦੇ ਫਲੈਟ ਵਿੱਚ ਅੱਗ ਲੱਗੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਅਗਸਤ
ਪੱਛਮੀ ਦਿੱਲੀ ਦੇ ਵਿਕਾਸਪੁਰੀ ਖੇਤਰ ਵਿੱਚ ਇੱਕ ਬਹੁ-ਮੰਜ਼ਿਲਾ ਅਪਾਰਟਮੈਂਟ ਵਿੱਚ ਅੱਜ ਸਵੇਰੇ ਫਲੈਟ ਵਿੱਚ ਅੱਗ ਲੱਗ ਗਈ ਜਿਸ ਕਾਰਨ ਘਰ ਵਿੱਚ ਪਿਆ ਸਾਮਾਨ ਸੜ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਮਾਰਤ ਵਿੱਚ ਅੱਗ ਕੰਟਰੋਲ ਕਰਨ ਦੀਆਂ ਹਦਾਇਤਾਂ ਅਤੇ ਸ਼ਰਤਾਂ ਪੂਰੀਆਂ ਕੀਤੀਆਂ ਹੋਈਆਂ ਸਨ ਜਾਂ ਨਹੀਂ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਪਰ ਘਰ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਦਿੱਲੀ ਫਾਇਰ ਸਰਵਿਸਿਜ਼ (ਡੀਐੱਫਐਸ) ਦੇ ਇੱਕ ਅਧਿਕਾਰੀ ਨੇ ਦੱਿਸਆ ਕਿ ਸਵੇਰੇ 8.10 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ । ਸੂਚਨਾ ਮਿਲਣ ਮਗਰੋਂ ਚਾਰ ਅੱਗ ਬੁਝਾਊ ਗੱਡੀਆਂ ਅਮਲੇ ਸਣੇ ਮੌਕੇ ’ਤੇ ਭੇਜੀਆਂ ਗਈਆਂ। ਦਿੱਲੀ ਫਾਇਰ ਸਰਵਿਸਿਜ਼ ਅਧਿਕਾਰੀ ਨੇ ਦੱਸਿਆ ਕਿ ਅੱਗ ’ਤੇ ਕਾਬੂ ਪਾਉਣ ਲਈ ਅੱਗ ਬੁਝਾਊ ਗੱਡੀਆਂ ਨੂੰ ਇਕ ਘੰਟੇ ਦਾ ਸਮਾਂ ਲੱਗਿਆ। ਇਸ ਦੌਰਾਨ ਅਮਲੇ ਨੂੰ ਕਾਫ਼ੀ ਮੁਸ਼ੱਕਤ ਕਰਨੀ ਪਈ। ਉਨ੍ਹਾਂ ਕਿਹਾ ਕਿ ਅਮਲੇ ਨੇ ਅੱਗ ਨੂੰ ਹੋਰ ਫਲੈਟਾਂ ਤੱਕ ਵਧਣ ਤੋਂ ਰੋਕਣ ਲਈ ਕਾਫ਼ੀ ਜੱਦੋਜਹਿਦ ਕੀਤੀ। ਉਨ੍ਹਾਂ ਕਿਹਾ ਕਿ ਅੱਗ ਇੰਨੀ ਤੇਜ਼ੀ ਨਾਲ ਅੱਗੇ ਵਧ ਰਹੀ ਸੀ ਕਿ ਇੰਜ ਜਾਪਦਾ ਸੀ ਕਿ ਅੱਗ ’ਤੇ ਕਾਬੂ ਪਾਉਣ ਲਈ ਹੋਰ ਫਾਇਰ ਟੈਂਡਰਾਂ ਦੀ ਮੰਗ ਕੀਤੀ ਜਾਵੇਗੀ। ਇਸ ਦੌਰਾਨ ਨੇੜਲੇ ਲੋਕਾਂ ਨੇ ਵੀ ਅਮਲੇ ਦਾ ਕਾਫੀ ਸਹਿਯੋਗ ਕੀਤਾ। ਇਸ ਦੌਰਾਨ ਪੁਲੀਸ ਅਮਲਾ ਵੀ ਤਾਇਨਾਤ ਸੀ। ਉਨ੍ਹਾਂ ਦੱਸਿਆ ਕਿ ਅੱਗ ਫਲੈਟ ਵਿੱਚ ਸ਼ਾਰਟ ਸਰਕਟ ਕਾਰਨ ਲੱਗੀ ਹੋਣ ਦਾ ਸ਼ੱਕ ਹੈ ਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।