ਲਹਿਰਾਗਾਗਾ ਵਿੱਚ ਐਮਾਜ਼ੋਨ ਦੇ ਸਟੋਰ ਨੂੰ ਅੱਗ ਲੱਗੀ
ਰਮੇਸ਼ ਭਾਰਦਵਾਜ
ਲਹਿਰਾਗਾਗਾ, 4 ਫਰਵਰੀ
ਇੱਥੇ ਐਮਾਜ਼ੋਨ ਦੇ ਸਟੋਰ ‘ਟ੍ਰਿਪਲਏਸ’ ਵਿੱਚ ਅੱਜ ਸ਼ਾਮ ਅੱਗ ਜਾਣ ਕਾਰਨ ਕਰੋੜਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਘਟਨਾ ਦਾ ਪਤਾ ਲੱਗਣ ’ਤੇ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਮੌਕੇ ਉੱਪਰ ਪਹੁੰਚੇ ਜਿਨ੍ਹਾਂ ਨੇ ਘਟਨਾ ਉੱਪਰ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ,‘ਸਾਡੇ ਸ਼ਹਿਰ ਦੇ ਉੱਦਮੀ ਨੌਜਵਾਨਾਂ ਨੇ ਰਲ ਕੇ ਪੈਸੇ ਦਾ ਪ੍ਰਬੰਧ ਕਰਕੇ ਸ਼ਹਿਰ ਅੰਦਰ ਨਮੂਨੇ ਦੀ ਇਮਾਰਤ ਤਿਆਰ ਕਰ ਕੇ ਐਮਾਜ਼ੋਨ ਦਾ ਮਾਲ ਖੋਲ੍ਹਿਆ ਸੀ ਜਿਸ ਨਾਲ ਇਲਾਕੇ ਦੇ ਲੋਕਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਸਨ ਪਰ ਅੱਗ ਨੇ ਕਰੋੜਾਂ ਰੁਪਏ ਦਾ ਨੁਕਸਾਨ ਕਰ ਦਿੱਤਾ ਹੈ।
ਜਦੋਂ ਵਿਧਾਇਕ ਨੂੰ ਸਰਕਾਰ ਵੱਲੋਂ ਕੋਈ ਆਰਥਿਕ ਮੱਦਦ ਦੇਣ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਸਰਕਾਰ ਨੂੰ ਬੇਨਤੀ ਕਰਨਗੇ ਕਿ ਕੁਦਰਤੀ ਆਫ਼ਤਾਂ ਰਾਹਤ ਫੰਡ ਵਿੱਚੋਂ ਇਨ੍ਹਾਂ ਨੂੰ ਵੀ ਰਾਹਤ ਦਿੱਤੀ ਜਾਵੇ। ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਸ ਸਬੰਧੀ ਮਾਲ ਦੇ ਪ੍ਰੋਪਰਾਈਟਰ ਮੋਹਿਤ ਗੋਇਲ ਨੇ ਦੱਸਿਆ ਕਿ ਅੱਗ ਨੇ ਕਰੀਬ 5 ਕਰੋੜ ਰੁਪਏ ਦਾ ਨੁਕਸਾਨ ਕਰ ਦਿੱਤਾ।