ਕੱਪੜੇ ਦੀ ਦੁਕਾਨ ਨੂੰ ਲੱਗੀ ਅੱਗ; ਭਾਰੀ ਨੁਕਸਾਨ
ਕੇ.ਪੀ ਸਿੰਘ
ਗੁਰਦਾਸਪੁਰ, 5 ਸਤੰਬਰ
ਇੱਥੋਂ ਦੇ ਇਮਾਮਬਾੜਾ ਬਾਜ਼ਾਰ ਵਿੱਚ ਬੀਤੀ ਰਾਤੀ ਕਰੀਬ 9 ਵਜੇ ਕੱਪੜੇ ਦੀ ਦੋ ਮੰਜ਼ਲੀ ਦੁਕਾਨ ਨੂੰ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਦੁਕਾਨਦਾਰਾਂ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ ’ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਨੇ ਅੱਗ ’ਤੇ ਲਗਭਗ ਦੋ ਘੰਟੇ ਦੀ ਮਸ਼ੱਕਤ ਤੋਂ ਬਾਅਦ ਕਾਬੂ ਪਾਇਆ। ਅੱਗ ਲੱਗਣ ਕਰਕੇ ਦੁਕਾਨ ਅੰਦਰ ਪਿਆ ਸਮਾਨ ਸੜ ਕੇ ਸਵਾਹ ਹੋ ਗਿਆ।
ਇਸ ਦੁਕਾਨ ਨੂੰ ਕਿਰਾਏ ’ਤੇ ਲੈ ਕੇ ਚਲਾ ਰਹੇ ਜੁਬੇਰ ਅਹਿਮਦ ਨੇ ਦੱਸਿਆ ਕਿ ਉਨ੍ਹਾਂ ਦਾ 30 ਤੋਂ 35 ਲੱਖ ਦਾ ਨੁਕਸਾਨ ਹੋਇਆ ਹੈ। ਅੱਗ ਨੇ ਨੇੜਲੀਆਂ ਦੁਕਾਨਾਂ ਨੂੰ ਵੀ ਥੋੜ੍ਹਾ ਨੁਕਸਾਨ ਪਹੁੰਚਾਇਆ ਪਰ ਫਾਇਰ ਬ੍ਰਿਗੇਡ ਵੱਲੋਂ ਜ਼ਿਆਦਾ ਨੁਕਸਾਨ ਹੋਣ ਤੋਂ ਬਚਾ ਲਿਆ ਗਿਆ। ਦੱਸਣਯੋਗ ਹੈ ਕਿ ਸ਼ਹਿਰ ਵਿੱਚ ਪਹਿਲਾਂ ਵੀ ਅੱਗ ਨਾਲ ਦਰਜਨਾਂ ਦੁਕਾਨਾਂ ਸੜ ਚੁੱਕੀਆਂ ਹਨ ਅਤੇ ਦੁਕਾਨਦਾਰਾਂ ਦਾ ਕਰੋੜਾਂ ਦਾ ਨੁਕਸਾਨ ਹੋ ਚੁੱਕਿਆ ਹੈ।
ਐਕਸੀਅਨ ਦੇ ਵਤੀਰੇ ਤੋਂ ਖਫ਼ਾ ਦੁਕਾਨਦਾਰਾਂ ਵੱਲੋਂ ਧਰਨਾ
ਕੱਪੜੇ ਦੀ ਦੁਕਾਨ ਨੂੰ ਅੱਗ ਲੱਗਣ ਦੇ ਮਾਮਲੇ ਵਿੱਚ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਬਿਜਲੀ ਵਿਭਾਗ ਦੇ ਦਫ਼ਤਰ ਜਾ ਕੇ ਮੰਗ ਕੀਤੀ ਕਿ ਬਾਜ਼ਾਰ ਅੰਦਰ ਨਵੀਆਂ ਤਾਰਾਂ ਪਾਈਆਂ ਜਾਣ ਤਾਂ ਜੋ ਸ਼ਾਰਟ ਸਰਕਟ ਨਾ ਹੋਵੇ। ਦੁਕਾਨਦਾਰਾਂ ਅਨੁਸਾਰ ਬਿਜਲੀ ਵਿਭਾਗ ਦੇ ਐਕਸੀਅਨ ਵੱਲੋਂ ਉਨ੍ਹਾਂ ਨਾਲ ਸਹੀ ਤਰੀਕੇ ਨਾਲ ਗੱਲਬਾਤ ਨਹੀਂ ਕੀਤੀ ਗਈ ਜਿਸ ਦੇ ਰੋਸ ਵਜੋਂ ਅੱਜ ਦੁਕਾਨਦਾਰਾਂ ਨੇ ਡਾਕਖ਼ਾਨਾ ਚੌਕ ਵਿੱਚ ਧਰਨਾ ਦੇ ਕੇ ਆਵਾਜਾਈ ਠੱਪ ਕਰ ਦਿੱਤੀ। ਉਨ੍ਹਾਂ ਬਿਜਲੀ ਵਿਭਾਗ ਗੁਰਦਾਸਪੁਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਦੁਕਾਨਦਾਰਾਂ ਦਾ ਰੋਸ ਵਧਦਾ ਵੇਖ ਕੇ ਐਕਸੀਅਨ ਕੁਲਦੀਪ ਸਿੰਘ ਨੇ ਧਰਨੇ ਵਾਲ਼ੀ ਜਗ੍ਹਾ ’ਤੇ ਪਹੁੰਚ ਕੇ ਦੇ ਦੁਕਾਨਦਾਰਾਂ ਕੋਲੋਂ ਮਾਫ਼ੀ ਮੰਗੀ ਅਤੇ ਕਿਹਾ ਕਿ ਜਲਦ ਨਵੀਂਆਂ ਤਾਰਾਂ ਪਾਈਆਂ ਜਾਣਗੀਆਂ। ਇਸ ਦੇ ਤੋਂ ਬਾਅਦ ਦੁਕਾਨਦਾਰਾਂ ਨੇ ਧਰਨਾ ਚੁੱਕ ਲਿਆ।