ਕਾਲਜ ਦੀਆਂ ਯਾਦਾਂ ਨਾਲ ਜੁੜੀ ਫਿਲਮ ‘ਰੋਡੇ ਕਾਲਜ’
ਲਖਵਿੰਦਰ ਜੌਹਲ ਧੱਲੇਕੇ
ਪਿਛਲੇ ਦਿਨੀਂ ਚੌਪਾਲ ਐਪ ’ਤੇ ਰਿਲੀਜ਼ ਹੋਈ ਪੰਜਾਬੀ ਫਿਲਮ ‘ਰੋਡੇ ਕਾਲਜ’ ਕਾਫ਼ੀ ਚਰਚਾ ਵਿੱਚ ਹੈ। ਹੋਰਨਾਂ ਤੋਂ ਕੁਝ ਵੱਖਰੀ ਕਹਾਣੀ ਵਾਲੀ ਇਸ ਫਿਲਮ ਦਾ ਲੇਖਕ ਅਤੇ ਨਿਰਦੇਸ਼ਕ ਹੈਪੀ ਰੋਡੇ ਹੈ। ਇਸ ਦੀ ਸਟਾਰ ਕਾਸਟ ਵਿੱਚ ਮਾਨਵ ਵਿੱਜ ਅਤੇ ਯੋਗਰਾਜ ਸਿੰਘ ਤੋਂ ਇਲਾਵਾ ਥੀਏਟਰ ਨਾਲ ਜੁੜੇ ਵਿਸ਼ਾਲ ਬਰਾੜ, ਧਨਵੀਰ ਸਿੰਘ, ਮਨਪ੍ਰੀਤ ਡੌਲੀ, ਅਰਵਿੰਦਰ ਕੌਰ, ਰਾਹੁਲ ਜੇਟਲੀ, ਬਲਵਿੰਦਰ ਧਾਲੀਵਾਲ, ਕਵੀ ਸਿੰਘ ਅਤੇ ਰਾਜ ਜੋਧਾ ਵਰਗੇ ਪ੍ਰਤਿਭਾਵਾਨ ਨਵੇਂ ਚਿਹਰੇ ਵੀ ਸ਼ਾਮਲ ਹਨ। ਇਨ੍ਹਾਂ ਸਭਨਾਂ ਨੇ ਆਪਣੇ ਵੱਲੋਂ ਪੂਰੀ ਕਮਾਲ ਕੀਤੀ ਹੋਈ ਹੈ।
ਪੰਜਾਬ ਦੇ ਮਾਲਵਾ ਖੇਤਰ ਵਿੱਚ ਪੈਂਦੇ ਪੰਜਾਬ ਦੇ ਪੁਰਾਣੇ ਪੌਲੀਟੈਕਨਿਕ ਕਾਲਜਾਂ ਵਿੱਚੋਂ ਇੱਕ ਸਰਕਾਰੀ ਪੌਲੀਟੈਕਨਿਕ ਕਾਲਜ ਰੋਡੇ ਅਤੇ ਸਰਕਾਰੀ ਗੁਰੂ ਨਾਨਕ ਆਰਟਸ ਕਾਲਜ ਰੋਡੇ ਇਸ ਫਿਲਮ ਦੇ ਕੇਂਦਰ ਬਿੰਦੂ ਹਨ। ਫਿਲਮ ਦੀ ਕਹਾਣੀ ਵੀ ਇਨ੍ਹਾਂ ਕਾਲਜਾਂ ਦੇ ਵਿਦਿਆਰਥੀਆਂ ਨਾਲ ਸਬੰਧਿਤ ਹੈ ਅਤੇ ਬਹੁਤੀ ਸ਼ੂਟਿੰਗ ਵੀ ਇਨ੍ਹਾਂ ਕਾਲਜਾਂ ਵਿੱਚ ਹੀ ਹੋਈ ਹੈ। ਇੱਕ ਦੂਜੇ ਦੇ ਗੁਆਂਢੀ ਇਹ ਦੋਵੇਂ ਵਿੱਦਿਅਕ ਅਦਾਰੇ ਪੰਜਾਬ ਦੇ ਮੰਨੇ ਪ੍ਰਮੰਨੇ ਵਿੱਦਿਅਕ ਅਦਾਰੇ ਹਨ, ਜਿੱਥੋਂ ਪੜ੍ਹ ਕੇ ਜਾਣ ਵਾਲੇ ਵਿਦਿਆਰਥੀ ਉੱਚ ਅਹੁਦਿਆਂ ’ਤੇ ਬਿਰਾਜਮਾਨ ਹਨ।
ਫਿਲਮ ਦੀ ਕਹਾਣੀ ਵਿਦਿਆਰਥੀ ਗੁੱਟਬੰਦੀਆਂ ’ਤੇ ਪੈਣ ਵਾਲੇ ਰਾਜਨੀਤਕ ਪ੍ਰਭਾਵਾਂ ਨਾਲ ਵਿਦਿਆਰਥੀ ਜੀਵਨ ’ਤੇ ਪੈਣ ਵਾਲੇ ਪ੍ਰਭਾਵਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਵਿਦਿਆਰਥੀ ਰਾਜਨੀਤੀ ’ਤੇ ਬਣਾਈ ਗਈ ਇਹ ਫਿਲਮ ਉਸ ਸਮੇਂ ਦੇ ਹਾਲਾਤ ਨੂੰ ਹੂਬਹੂ ਪੇਸ਼ ਕਰਦੀ ਹੈ ਅਤੇ ਕਾਲਜ ਦੇ ਸਾਬਕਾ ਵਿਦਿਆਰਥੀਆਂ ਦੀਆਂ ਗੁਆਚੀਆਂ ਭਾਵਨਾਤਮਕ ਯਾਦਾਂ ਨੂੰ ਵੀ ਮੁੜ ਕਿਤੋਂ ਲੱਭ ਲਿਆਉਂਦੀ ਹੈ। ਵਿਦਿਆਰਥੀ ਰਾਜਨੀਤੀ ਦੇ ਹੋਰਨਾਂ ਕਈ ਪੱਖਾਂ ਤੋਂ ਜਾਣੂੰ ਕਰਵਾਉਂਦੇ ਹੋਏ ਇਹ ਬੜੇ ਖ਼ੂਬਸੂਰਤ ਤਰੀਕੇ ਨਾਲ ਵਿਖਾਇਆ ਗਿਆ ਹੈ ਕਿ ਕਿਵੇਂ ਰਾਜਨੀਤਕ ਲੋਕ ਆਪਣੇ ਫਾਇਦਿਆਂ ਲਈ ਵਿਦਿਆਰਥੀ ਆਗੂਆਂ ਨੂੰ ਵਰਤਦੇ ਹਨ।
ਜਵਾਨੀ ਦੇ ਜੋਸ਼ ਅਤੇ ਸੱਤਾਧਾਰੀ ਲੋਕਾਂ ਦੀ ਹੱਲਾਸ਼ੇਰੀ ਨਾਲ ਕਿਵੇਂ ਵਿਦਿਆਰਥੀ ਆਪਣੇ ਅਸਲ ਰਾਹ ਤੋਂ ਭਟਕ ਜਾਂਦੇ ਹਨ, ਪਰ ਜਦੋਂ ਥੋੜ੍ਹੀ ਸੋਝੀ ਆਉਂਦੀ ਹੈ ਤਾਂ ਸੋਚਦੇ ਹਨ ਕਿ ਜਵਾਨੀ ਦੇ ਇਸ ਜੋਸ਼ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਅਤੇ ਹੋਰਨਾਂ ਯੋਧਿਆਂ ਵਾਂਗ ਸਹੀ ਪਾਸੇ ਵਰਤਿਆ ਜਾਂਦਾ ਤਾਂ ਸ਼ਾਇਦ ਵਿਦਿਆਰਥੀ ਵਰਗ ਦੀਆਂ ਹੋਰਨਾਂ ਸਮੱਸਿਆਵਾਂ ਦਾ ਕੋਈ ਸਾਰਥਕ ਹੱਲ ਵੀ ਹੁੰਦਾ। ਫਿਰ ਜਦੋਂ ਇਹੀ ਵਿਦਿਆਰਥੀ ਸੱਤਾਧਾਰੀ ਲੋਕਾਂ ਦੀਆਂ ਅੱਖਾਂ ਵਿੱਚ ਅੱਖਾਂ ਪਾਉਣ ਦੀ ਜੁਰੱਅਤ ਕਰਦੇ ਹਨ ਤਾਂ ਕਿਵੇਂ ਉਨ੍ਹਾਂ ਨੂੰ ਮਾੜੇ ਸਿਸਟਮ ਦੀ ਭੇਟ ਚੜ੍ਹਾਇਆ ਜਾਂਦਾ ਹੈ। ਅੱਸੀ-ਨੱਬੇ ਦੇ ਦਹਾਕੇ ਦੇ ਪੰਜਾਬ ਦੀ ਜਵਾਨੀ ਦਾ ਉਸ ਤੋਂ ਵੀਹ-ਬਾਈ ਸਾਲ ਬਾਅਦ ਦੇ ਪੰਜਾਬ ਦੀ ਜਵਾਨੀ ਨਾਲ ਸਬੰਧ ਬੜੇ ਸੋਹਣੇ ਤਰੀਕੇ ਨਾਲ ਜੋੜਿਆ ਗਿਆ ਹੈ।
ਇਸ ਤਰ੍ਹਾਂ ਇਹ ਜਵਾਨੀ ਦੀਆਂ ਦੋ ਪੀੜ੍ਹੀਆਂ ਦੀ ਕਹਾਣੀ ਹੈ। ਕਾਲਜੀਏਟ ਵਿਦਿਆਰਥੀਆਂ ਦੀ ਆਏ ਦਿਨ ਬੱਸ ਕੰਪਨੀਆਂ ਨਾਲ ਬਹਿਸਬਾਜ਼ੀ ਅਕਸਰ ਲੜਾਈ ਵਿੱਚ ਬਦਲ ਜਾਂਦੀ ਸੀ। ਕਈ ਵਾਰ ਨੌਬਤ ਇੱਥੋਂ ਤੱਕ ਵੀ ਆ ਜਾਂਦੀ ਸੀ ਕਿ ਰੋਸ ਵਿੱਚ ਆਏ ਵਿਦਿਆਰਥੀਆਂ ਵੱਲੋਂ ਬੱਸਾਂ ਦੀ ਭੰਨ-ਤੋੜ ਅਤੇ ਬੱਸ ਅਪਰੇਟਰਾਂ ਨਾਲ ਹੱਥੋਪਾਈ ਵੀ ਹੋ ਜਾਂਦੀ ਸੀ। ਇਹ ਵੀ ਕਾਲਜ ਦੀ ਜ਼ਿੰਦਗੀ ਦਾ ਇੱਕ ਹਿੱਸਾ ਹੀ ਸੀ। ਕਾਲਜ ਦੇ ਉਸ ਬੀਤੇ ਵਕਤ ਦੀਆਂ ਯਾਦਾਂ ਤਾਜ਼ੀਆਂ ਕਰਵਾਉਣ ਲਈ ਫਿਲਮ ‘ਰੋਡੇ ਕਾਲਜ’ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ।
ਸੰਪਰਕ: 98159-59476