ਪੱਤਰਕਾਰ ਰਵੀਸ਼ ਕੁਮਾਰ ’ਤੇ ਬਣੀ ਫ਼ਿਲਮ ਦਿਖਾਈ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 25 ਅਗਸਤ
ਦੇਸ਼ ਦੇ ਨਾਮੀ ਪੱਤਰਕਾਰ ਰਵੀਸ਼ ਕੁਮਾਰ ਦੇ ਪੱਤਰਕਾਰੀ ਦੌਰਾਨ ਕੀਤੇ ਸੰਘਰਸ਼ ’ਤੇ ਬਣਾਈ ਫਿਲਮ ਦੇਸ਼ ਭਗਤ ਯਾਦਗਾਰ ਹਾਲ ਵਿੱਚ ਦਿਖਾਈ ਗਈ। ਇਹ ਫਿਲਮ ਦਿਖਾਉਣ ਦਾ ਪ੍ਰਬੰਧ ਪੀਪਲਜ਼ ਵੁਆਇਸ ਵੱਲੋਂ ਕੀਤਾ ਗਿਆ ਸੀ। ਵਿਨੈ ਸ਼ੁਕਲਾ ਵੱਲੋਂ ਬਣਾਈ ਫ਼ਿਲਮ ‘ਵਾਈਲ ਵੂਈ ਵਾਚਡ’ ਦੇਸ਼ ਭਗਤ ਯਾਦਗਾਰ ਹਾਲ ਵਿੱਚ ਬਣੇ ‘ਦੇਸ਼ ਭਗਤ ਗੰਧਰਵ ਸੇਨ ਕੋਛੜ ਯਾਦਗਾਰੀ ਥੀਏਟਰ’ ਵਿੱਚ ਦਿਖਾਈ ਗਈ। ਇਹ ਫ਼ਿਲਮ ਕਾਰਪੋਰੇਟ ਘਰਾਣਿਆਂ ਦੀ ਅਜ਼ਾਰੇਦਾਰੀ ਵਾਲੇ ਗੋਦੀ ਮੀਡੀਆ ਦੀਆਂ ਪੈਰ ਪੈਰ ’ਤੇ ਗੁੱਝੀਆਂ ਅਤੇ ਜ਼ਾਹਰਾ ਰਮਜ਼ਾਂ ਉਪਰ ਤਿੱਖੇ ਕਟਾਖਸ਼ ਕੱਸਦੀ ਹੈ। ਰਵੀਸ਼ ਕੁਮਾਰ ’ਤੇ ਬਣੀ ਇਹ ਫ਼ਿਲਮ ਹਨੇਰਿਆਂ ਦੇ ਦੌਰ ਅੰਦਰ ਪੱਤਰਕਾਰੀ ਦੇ ਸ਼ਾਨਾਮੱਤੇ ਸਫ਼ਰ ਦੀ ਇਤਿਹਾਸਕ ਗਾਥਾ ਹੈ। ਫ਼ਿਲਮ ਦੀ ਸਕਰੀਨਿੰਗ ਮੌਕੇ ਪੀਪਲਜ਼ ਵੁਆਇਸ ਦੇ ਕੁਲਵਿੰਦਰ, ਅਰੁਨਦੀਪ, ਪਲਸ ਮੰਚ ਦੇ ਅਮੋਲਕ ਸਿੰਘ ਅਤੇ ਦਰਸ਼ਕਾਂ ਦੀ ਤਰਫ਼ੋਂ ਚਰਨਜੀਤ ਸਿੰਘ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਹ ਫ਼ਿਲਮ ਰਵੀਸ਼ ਕੁਮਾਰ ਦੀ ਪੱਤਰਕਾਰੀ ਦੀ ਵਿਲੱਖਣ ਦੁਨੀਆਂ ਦੀ ਦਾਸਤਾਨ ਪੇਸ਼ ਕਰਦੀ ਹੈ।