ਰਿਸ਼ਤਿਆਂ ਦੀ ਅਹਿਮੀਅਤ ਸਮਝਾਉਂਦੀ ਫਿਲਮ
ਸੁਰਜੀਤ ਜੱਸਲ
ਰੌਸ਼ਨ ਪ੍ਰਿੰਸ ਦੀ ਨਵੀਂ ਫਿਲਮ ‘ਬਿਨਾਂ ਬੈਂਡ ਚੱਲ ਇੰਗਲੈਂਡ’ ਵਿਦੇਸ਼ੀ ਪੱਕੀ ਕੁੜੀ ਨਾਲ ਵਿਆਹ ਕਰਵਾਉਣ ਦੇ ਚੱਕਰ ’ਚ ਬਦਲੇ ਰਿਸ਼ਤਿਆਂ ਦੇ ਮਾਇਨੇ ਅਤੇ ਮਨਘੜਤ ਫੋਕੇ ਰੁਤਬਿਆਂ ਦੀ ਕਹਾਣੀ ਦਾ ਸੱਚ ਪੇਸ਼ ਕਰਦੀ ਹੈ। ਰਿਸ਼ਤਿਆਂ ਦੀ ਅਹਿਮੀਅਤ ਦੀ ਗੱਲ ਕਰਦੀ ਇਹ ਫਿਲਮ ਆਮ ਪੰਜਾਬੀ ਫਿਲਮਾਂ ਨਾਲੋਂ ਬਿਲਕੁਲ ਵੱਖਰੀ ਹੈ। ਰੌਸ਼ਨ ਪ੍ਰਿੰਸ ਫਿਲਮ ‘ਲਾਵਾਂ ਫੇਰੇ’ ਤੋਂ ਬਾਅਦ ਇੱਕ ਵਾਰ ਫਿਰ ਅਜਿਹੇ ਪ੍ਰੇਮੀ ਲਾੜੇ ਦੇ ਕਿਰਦਾਰ ’ਚ ਨਜ਼ਰ ਆਇਆ ਹੈ ਜਿਸ ਦੇ ਵਿਆਹ ’ਚ ਅੜਚਣ ਬੇਗਾਨੇ ਨਹੀਂ ਬਲਕਿ ਉਸ ਦੇ ਆਪਣੇ ਹੀ ਬਣਦੇ ਹਨ। ਦਰਸ਼ਕ ਇਹ ਫਿਲਮ ਦੇਖਦਿਆਂ ਹੱਸ-ਹੱਸ ਢਿੱਡੀ ਪੀੜਾਂ ਪਾਉਣਗੇ।
ਇਸ ਫਿਲਮ ਵਿੱਚ ਰੌਸ਼ਨ ਪ੍ਰਿੰਸ ਦੇ ਨਾਲ ਬੌਲੀਵੁੱਡ ਤੋਂ ਆਈ ਨਵੀਂ ਨਾਇਕਾ ਸਾਇਰਾ ਮੁੱਖ ਭੂਮਿਕਾ ’ਚ ਨਜ਼ਰ ਆਈ ਹੈ। ਉਸ ਨੇ ਲੰਡਨ ਵਿੱਚ ਰਹਿੰਦੀ ਇੱਕ ਅਜਿਹੀ ਕੁੜੀ ਦਾ ਕਿਰਦਾਰ ਨਿਭਾਇਆ ਹੈ ਜਿਸ ਨੂੰ ਪੰਜਾਬ ਤੋਂ ਆਏ ਇੱਕ ਨੌਜਵਾਨ ਨਾਲ ਪਿਆਰ ਹੋ ਜਾਂਦਾ ਹੈ। ਦੋਵੇਂ ਜਣੇ ਵਿਆਹ ਕਰਵਾਉਣਾ ਚਾਹੁੰਦੇ ਹਨ, ਪਰ ਉਸ ਦੇ ਪਿਤਾ ਦੀਆਂ ਕਈ ਸ਼ਰਤਾਂ ਹਨ। ਉਹ ਚਾਹੁੰਦੇ ਹਨ ਕਿ ਉਸ ਦੀ ਧੀ ਕਿਸੇ ਪੜ੍ਹੇ-ਲਿਖੇ ਅਤੇ ਜ਼ਿੰਮੇਵਾਰ ਪਰਿਵਾਰ ਦੀ ਨੂੰਹ ਬਣੇ। ਉਨ੍ਹਾਂ ਦੋਵਾਂ ਦੇ ਪਿਆਰ ਦੀਆਂ ਉਲਝਣਾਂ ਹੀ ਫਿਲਮ ਦਾ ਦਿਲਚਸਪ ਹਿੱਸਾ ਹਨ। ਇਹ ਫਿਲਮ ਵਿਦੇਸ਼ਾਂ ਵਿੱਚ ਪੰਜਾਬੀ ਪਰਿਵਾਰਾਂ ਅਤੇ ਨੌਜਵਾਨਾਂ ਦੀਆਂ ਸਮੱਸਿਆਵਾਂ ਦੀ ਗੱਲ ਵੀ ਕਰਦੀ ਹੈ।
ਵੀਵੀਆਈਪੀ ਫਿਲਮਸ ਯੂਐੱਸਏ ਦੇ ਬੈਨਰ ਹੇਠ ਬਣੀ ਨਿਰਮਾਤਾ ਬਲਵਿੰਦਰ ਹੀਰ, ਰਮਨ ਪਲਟਾ ਅਤੇ ਹਰਸ਼ ਵਿਰਕ ਦੀ ਇਸ ਫਿਲਮ ਨੂੰ ਸਤਿੰਦਰ ਸਿੰਘ ਦੇਵ ਨੇ ਡਾਇਰੈਕਟ ਕੀਤਾ ਹੈ। ਫਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ। ਰੌਸ਼ਨ ਪ੍ਰਿੰਸ ਤੇ ਸਾਇਰਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਬੀ.ਐੱਨ. ਸ਼ਰਮਾ, ਸੁੱਖੀ ਚਾਹਲ, ਰੁਪਿੰਦਰ ਰੂਪੀ, ਗੁਰਜੀਤ ਕੌਰ, ਹਾਰਬੀ ਸੰਘਾ, ਰਾਜ ਧਾਲੀਵਾਲ, ਨੇਹਾ ਦਿਆਲ, ਮਨਪ੍ਰੀਤ ਮਨੀ, ਰਾਣਾ ਜੰਗ ਬਹਾਦਰ ਅਤੇ ਬਦਰ ਖਾਨ ਨੇ ਇਸ ਫਿਲਮ ’ਚ ਅਹਿਮ ਕਿਰਦਾਰ ਨਿਭਾਏ ਹਨ। ਪਰਿਵਾਰਕ ਕਾਮੇਡੀ ਵਾਲੀ ਇਹ ਫਿਲਮ ਅਖੀਰ ਵਿੱਚ ਇੱਕ ਖੂਬਸੂਰਤ ਸੁਨੇਹਾ ਵੀ ਦਿੰਦੀ ਹੈ ਕਿ ਜ਼ਿੰਦਗੀ ਵਿੱਚ ਰਿਸ਼ਤਿਆਂ ਤੋਂ ਬਿਨਾਂ ਕਿਸੇ ਵੀ ਇਨਸਾਨ ਦਾ ਗੁਜ਼ਾਰਾ ਨਹੀਂ ਹੈ ਤੇ ਝੂਠ ਦੀ ਬੁਨਿਆਦ ’ਤੇ ਟਿਕੇ ਰਿਸ਼ਤਿਆਂ ਦੀ ਬਹੁਤੀ ਉਮਰ ਨਹੀਂ ਹੁੰਦੀ।
ਸੰਪਰਕ: 98146-07737