ਮਾਨਸਾ ਬੱਸ ਅੱਡੇ ’ਚੋਂ ਦਿਨ ਦਿਹਾੜੇ ਭਰੂਣ ਮਿਲਿਆ
ਜੋਗਿੰਦਰ ਸਿੰਘ ਮਾਨ
ਮਾਨਸਾ, 27 ਸਤੰਬਰ
ਮਾਨਸਾ ਦੇ ਬੱਸ ਸਟੈਂਡ ਵਿੱਚ ਦੁਪਹਿਰ ਬਾਅਦ ਇੱਕ ਡਿੱਗਿਆ ਪਿਆ ਭਰੂਣ ਮਿਲਣ ਤੋਂ ਮਗਰੋਂ ਲੋਕਾਂ ਵਿਚ ਹਫ਼ੜਾ ਤਫੜੀ ਮੱਚ ਗਈ। ਇਸ ਦਾ ਪਤਾ ਲੱਗਣ ’ਤੇ ਪੁਲੀਸ ਮਹਿਕਮੇ ’ਚ ਹਲਚਲ ਪੈਦਾ ਹੋ ਗਈ ਅਤੇ ਇਸ ਮਾਮਲੇ ਦੀ ਜਾਂਚ ਕਰਨ ਲਈ ਪੁਲੀਸ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਗਏ। ਇਸ ਬਾਰੇ ਕੋਈ ਸੁਰਾਗ ਲੱਭਣ ਲਈ ਆਮ ਲੋਕਾਂ ਅਤੇ ਆਸ ਪਾਸ ਦੇ ਦੁਕਾਨਦਾਰਾਂ ਸਮੇਤ ਮੌਕੇ ’ਤੇ ਮੌਜੂਦ ਲੋਕਾਂ ਤੋਂ ਪੁੱਛਗਿਛ ਕੀਤੀ ਗਈ। ਭੀੜ ਭੜੱਕੇ ਵਾਲੀ ਜਗ੍ਹਾ ’ਤੇ ਭਰੂਣ ਮਿਲਣ ਨੇ ਇਨਸਾਨੀਅਤ ਨੂੰ ਸਰਮਸ਼ਾਰ ਕਰ ਦਿੱਤਾ। ਥਾਣਾ ਸਿਟੀ 2 ਮਾਨਸਾ ਦੇ ਐੱਸਐੱਚਓ ਦਲਜੀਤ ਸਿੰਘ ਨੇ ਦੱਸਿਆ ਕਿ ਬੱਸ ਸਟੈਂਡ ’ਚ ਦੁਪਹਿਰ ਬਾਅਦ ਇੱਕ ਭਰੂਣ ਮਿਲਣ ਦੀ ਕਿਸੇ ਵਿਅਕਤੀ ਵੱਲੋਂ ਫ਼ੋਨ ’ਤੇ ਇਤਲਾਹ ਦਿੱਤੀ ਗਈ ਅਤੇ ਉਨ੍ਹਾਂ ਤੁਰੰਤ ਇਸ ਮਾਮਲੇ ’ਚ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਆਸ ਪਾਸ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਗਏ ਜਦਕਿ ਆਮ ਲੋਕਾਂ ਤੋਂ ਇਸ ਦੀ ਪੁੱਛਗਿਛ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਬਾਰੇ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਸਬੰਧੀ ਅਣਪਛਾਤੇ ’ਤੇ ਪਰਚਾ ਦਰਜ ਕਰ ਲਿਆ ਗਿਆ ਹੈ।
ਮਾਨਸਾ ਦੇ ਸਿਵਲ ਸਰਜਨ ਡਾ. ਹਰਦੇਵ ਸਿੰਘ ਨੇ ਦੱਸਿਆ ਕਿ ਬੱਸ ਸਟੈਂਡ ਤੋਂ ਜੋ ਇੱਕ ਭਰੂਣ ਮਿਲਿਆ ਹੈ, ਇਸ ਮਾਮਲੇ ’ਚ ਸਿਵਲ ਹਸਪਤਾਲ ਐਸਐਮਓ ਵੱਲੋਂ ਕਮੇਟੀ ਗਠਿਤ ਕੀਤੀ ਗਈ ਹੈ ਅਤੇ ਇਸ ਦੀ ਜਾਂਚ ਆਰੰਭ ਕੀਤੀ ਜਾਵੇਗੀ। ਐਸਐਮਓ ਡਾ. ਕਮਲਦੀਪ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਕਮੇਟੀ ਬਣਾ ਕੇ ਅੱਗੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।