ਅੱਲੂਵਾਲ ਦੇ ਸਰਪੰਚ ’ਤੇ ਥਾਰ ਸਵਾਰਾਂ ਵੱਲੋਂ ਜਾਨਲੇਵਾ ਹਮਲਾ
ਹਤਿੰਦਰ ਮਹਿਤਾ
ਜਲੰਧਰ, 6 ਜੁਲਾਈ
ਸੁਲਤਾਨਪੁਰ ਲੋਧੀ ਵਿਚ ਮਾਮੂਲੀ ਵਿਵਾਦ ਕਰ ਕੇ ਥਾਰ ਸਵਾਰਾਂ ਨੇ ਅੱਲੂਵਾਲ ਦੇ ਸਰਪੰਚ ’ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਗੰਭੀਰ ਜ਼ਖ਼ਮੀ ਸਰਪੰਚ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਵਿਚ ਦਾਖਲ ਸਰਪੰਚ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਕਿਸੇ ਕੰਮ ਨੂੰ ਲੈ ਕੇ ਗੁਰਦੁਆਰਾ ਗੁਰੂ ਕਾ ਬਾਗ ਵੱਲ ਜਾ ਰਹੇ ਸਨ ਤਾਂ ਜਦੋਂ ਉਹ ਗੁਰਦੁਆਰਾ ਸੇਹਰਾ ਸਾਹਿਬ ਦੇ ਮੋੜ ’ਤੇ ਪਹੁੰਚੇ ਤਾਂ ਰਾਹ ਨੂੰ ਲੈ ਕੇ ਥਾਰ ਸਵਾਰਾਂ ਨਾਲ ਉਨ੍ਹਾਂ ਦਾ ਵਿਵਾਦ ਹੋ ਗਿਆ ਤੇ ਗੱਲ ਗਾਲੀ ਗਲੋਚ ਤੱਕ ਪਹੁੰਚ ਗਈ। ਇਸ ਤੋਂ ਬਾਅਦ ਥਾਰ ਚਾਲਕ ਨੇ ਉਨ੍ਹਾਂ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਕਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਥਾਰ ਚਾਲਕ ਤੇ ਉਸ ਦੇ ਸਾਥੀ ਹਮਲਾ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਸਰਪੰਚ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਹੈ। ਇਥੇ ਸਰਪੰਚ ਹਰਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਪੁਲੀਸ ਵਿਚ ਤਾਇਨਾਤ ਥਾਣੇਦਾਰ ਦਾ ਲੜਕਾ ਵੀ ਇਨ੍ਹਾਂ ਹਮਲਾਵਰਾਂ ਵਿੱਚ ਸ਼ਾਮਲ ਸੀ, ਜੋ ਰੋਜ਼ਾਨਾ ਹੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ। ਇਸ ਮਾਮਲੇ ਵਿਚ ਡੀਐੱਸਪੀ ਬਬਨਦੀਪ ਨੇ ਕਿਹਾ ਕਿ ਪੁਲੀਸ ਘਟਨਾ ਦੀ ਜਾਂਚ ਕਰ ਰਹੀ ਹੈ ਤੇ ਸਰਪੰਚ ਹਰਜੀਤ ਸਿੰਘ ਦੇ ਬਿਆਨ ਨੋਟ ਕਰ ਲਏ ਹਨ। ਉਨ੍ਹਾਂ ਕਿਹਾ ਕਿ ਜੇ ਜਾਂਚ ਵਿੱਚ ਥਾਣੇਦਾਰ ਦੇ ਲੜਕੇ ਦੀ ਸ਼ਮੂਲੀਅਤ ਪਾਈ ਗਈ ਤਾਂ ਉਸ ’ਤੇ ਵੀ ਕਾਰਵਾਈ ਹੋਵੇਗੀ।