For the best experience, open
https://m.punjabitribuneonline.com
on your mobile browser.
Advertisement

ਡੀਟੀਸੀ ਦੀ ਬੱਸ ਮੈਟਰੋ ਦੇ ਖੰਭੇ ਨਾਲ ਟਕਰਾਈ

08:57 AM Jul 23, 2024 IST
ਡੀਟੀਸੀ ਦੀ ਬੱਸ ਮੈਟਰੋ ਦੇ ਖੰਭੇ ਨਾਲ ਟਕਰਾਈ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਜੁਲਾਈ
ਪੱਛਮੀ ਦਿੱਲੀ ਦੇ ਪੰਜਾਬੀ ਬਾਗ ਇਲਾਕੇ ਵਿੱਚ ਤੇਜ਼ ਰਫ਼ਤਾਰ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਦੀ ਬੱਸ ਇੱਕ ਮੈਟਰੋ ਦੇ ਖੰਭੇ ਨਾਲ ਟਕਰਾ ਗਈ, ਜਿਸ ਦੌਰਾਨ ਇੱਕ ਔਰਤ ਦੀ ਮੌਤ ਹੋ ਗਈ ਅਤੇ 24 ਸਵਾਰੀਆਂ ਜ਼ਖ਼ਮੀ ਹੋ ਗਈਆਂ। ਚਸ਼ਮਦੀਦਾਂ ਅਨੁਸਾਰ ਇਲੈਕਟ੍ਰਿਕ ਬੱਸ ਦੀ ਰਫਤਾਰ ਕਾਫੀ ਤੇਜ਼ ਸੀ। ਇਸੇ ਕਾਰਨ ਬੇਕਾਬੂ ਬੱਸ ਮੈਟਰੋ ਦੇ ਪਿੱਲਰ 146 ਨਾਲ ਟਕਰਾ ਗਈ। ਟੱਕਰ ਏਨੀ ਜ਼ਬਰਦਸਤ ਸੀ ਕਿ ਬੱਸ ਦੇ ਡਰਾਈਵਰ ਅਤੇ ਕੰਡਕਟਰ ਦੇ ਨਾਲ-ਨਾਲ ਕਈ ਸਵਾਰੀਆਂ ਵੀ ਜ਼ਖਮੀ ਹੋ ਗਈਆਂ। ਡਿਪਟੀ ਕਮਿਸ਼ਨਰ ਆਫ਼ ਪੁਲੀਸ (ਪੱਛਮੀ) ਵਿਚਿਤਰਾ ਵੀਰ ਨੇ ਦੱਸਿਆ ਕਿ ਸਵੇਰੇ 7:42 ਵਜੇ, ਪੰਜਾਬੀ ਬਾਗ ਪੁਲੀਸ ਸਟੇਸ਼ਨ ਨੂੰ ਰੋਹਤਕ ਰੋਡ ’ਤੇ ਸ਼ਿਵਾਜੀ ਪਾਰਕ ਮੈਟਰੋ ਸਟੇਸ਼ਨ ਨੇੜੇ ਇੱਕ ਬੱਸ ਹਾਦਸੇ ਬਾਰੇ ਪੀਸੀਆਰ ਕਾਲ ਮਿਲੀ ਸੀ। ਡੀਸੀਪੀ ਅਨੁਸਾਰ ਮੰਗੋਲਪੁਰੀ ਅਤੇ ਆਨੰਦ ਵਿਹਾਰ ਦੇ ਵਿਚਕਾਰ ਚੱਲ ਰਹੀ ਇੱਕ ਡੀਟੀਸੀ ਇਲੈਕਟ੍ਰਿਕ ਬੱਸ ਮੈਟਰੋ ਦੇ ਖੰਭੇ ਨਾਲ ਟਕਰਾ ਗਈ। ਪ੍ਰਾਪਤ ਜਾਣਕਾਰੀ ਅਨੁਸਾਕ ਬੱਸ ਦੀ ਖੰਭੇ ਨਾਲ ਟੱਕਰ ਮਗਰੋਂ ਇੱਕ ਆਟੋ-ਰਿਕਸ਼ਾ ਬੱਸ ਨਾਲ ਟਕਰਾ ਗਿਆ। ਹਾਦਸੇ ਦੌਰਾਨ ਬੱਸ ਡਰਾਈਵਰ ਅਤੇ ਕੰਡਕਟਰ ਸਣੇ 24 ਸਵਾਰੀਆਂ ਜ਼ਖ਼ਮੀ ਹੋ ਗਈਆਂ। ਡੀਸੀਪੀ ਨੇ ਦੱਸਿਆ ਕਿ ਜ਼ਖਮੀਆਂ ਵਿੱਚੋਂ 14 ਵਿਅਕਤੀ ਮਹਾਰਾਜਾ ਅਗਰਸੇਨ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ ਅਤੇ ਬਾਕੀ 10 ਨੂੰ ਮੋਤੀ ਨਗਰ ਦੇ ਆਚਾਰੀਆ ਭਿਕਸ਼ੂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਮ੍ਰਿਤਕ ਔਰਤ ਦੀ ਪਛਾਣ ਸਵਿਤਾ (45) ਵਾਸੀ ਸੁਲਤਾਨਪੁਰੀ ਵਜੋਂ ਹੋਈ ਹੈ। ਇਕ ਹੋਰ ਯਾਤਰੀ ਸ਼ਰੀਫ (55) ਗੰਭੀਰ ਰੂਪ ਵਿੱਚ ਜ਼ਖਮੀ ਹੈ ਅਤੇ ਮਹਾਰਾਜਾ ਅਗਰਸੇਨ ਹਸਪਤਾਲ ਦੇ ਆਈਸੀਯੂ ਵਿੱਚ ਦਾਖ਼ਲ ਹੈ।
ਪੁਲੀਸ ਵੱਲੋਂ ਪੰਜਾਬੀ ਬਾਗ ਥਾਣੇ ਵਿੱਚ ਕੇਸ ਦਰਜ ਕਰ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕਰਾਈਮ ਟੀਮ ਨੂੰ ਇਲਾਕੇ ਦਾ ਮੁਆਇਨਾ ਕਰਨ ਅਤੇ ਸਬੂਤ ਇਕੱਠੇ ਕਰਨ ਲਈ ਮੌਕੇ ’ਤੇ ਬੁਲਾਇਆ ਗਿਆ। ਪੁਲੀਸ ਘਟਨਾ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ ਬੱਸ ਵਿੱਚ ਲੱਗੇ ਸੀਸੀਟੀਵੀ ਫੁਟੇਜ ਨੂੰ ਵੀ ਸਕੈਨ ਕਰ ਰਹੀ ਸੀ। ਡੀਟੀਸੀ ਦੇ ਇੱਕ ਅਧਿਕਾਰੀ ਨੇ ਦਾਅਵਾ ਕੀਤਾ ਕਿ ਬੱਸ ਆਪਣੀ ਨਿਰਧਾਰਤ ਲੇਨ ਵਿੱਚ ਚੱਲ ਰਹੀ ਸੀ। ਅਧਿਕਾਰੀ ਨੇ ਕਿਹਾ ਕਿ ਇੱਕ ਮੋਟਰਸਾਈਕਲ ਸਵਾਰ ਅਤੇ ਇੱਕ ਆਟੋਰਿਕਸ਼ਾ ਡਰਾਈਵਰ ਨੇ ਅਚਾਨਕ ਸੱਜੇ ਮੋੜ ਲਿਆ। ਹਾਦਸੇ ਤੋਂ ਬਚਣ ਲਈ ਬੱਸ ਡਰਾਈਵਰ (ਡੀਟੀਸੀ ਇਲੈਕਟ੍ਰਿਕ ਬੱਸ ਦੇ) ਨੇ ਵੀ ਸੱਜਾ ਮੋੜ ਲਿਆ ਪਰ ਆਖ਼ਰਕਾਰ ਇਹ ਮੈਟਰੋ ਦੇ ਖੰਭੇ ਨਾਲ ਟਕਰਾ ਗਈ।

Advertisement

Advertisement
Author Image

joginder kumar

View all posts

Advertisement
Advertisement
×