ਮਾਤਾ ਰੁਕਮਣੀ ਰਾਇ ਸਕੂਲ ਵਿੱਚ ਦੀਵਾਲੀ ਮੇਲਾ ਕਰਵਾਇਆ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 28 ਅਕਤੂਬਰ
ਮਾਤਾ ਰੁਕਮਣੀ ਰਾਇ ਆਰੀਆ ਸੀਨੀਅਰ ਸੈਕੰਡਰੀ ਸਕੂਲ ਖਰੀਂਡਵਾ ਵਿਚ ਦੀਵਾਲੀ ਮੇਲਾ ਕਰਵਾਇਆ ਗਿਆ। ਦੀਵਾਲੀ ਦੇ ਇਸ ਮੇਲੇ ਦਾ ਥੀਮ ਸੰਸਕ੍ਰਿਤੀ ਦੇ ਰੰਗ ਦੀਵਾਲੀ ਦੇ ਸੰਗ ਰਿਹਾ। ਪ੍ਰੋਗਰਾਮ ਦਾ ਆਰੰਭ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਸ਼ਣੂ ਭਗਵਾਨ ਗੁਪਤਾ, ਮੈਨੇਜਰ ਰਾਮ ਲਾਲ ਬੰਸਲ, ਮਨੋਜ ਬੰਸਲ ਤੇ ਮਹਿੰਦਰ ਕੰਸਲ ਨੇ ਕੀਤਾ। ਮੇਲੇ ਵਿਚ ਵੱਖ ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਤਹਿਤ ਆਰਟ ਕਰਾਫਟ, ਗੇਮਿੰਗ ਜ਼ੋਨ, ਬੇਬੀ ਸ਼ੋਅ, ਮਿੱਟੀ ਦੇ ਦੀਵੇ ਤੇ ਮੋਮਬੱਤੀ ਸਟਾਲ, ਛੋਟੇ ਬੱਚਿਆਂ ਲਈ ਝੂਲਿਆਂ ਦੇ ਨਾਲ ਨਾਲ ਲੱਕੀ ਡਰਾਅ ਰਾਹੀਂ ਵਿਦਿਆਰਥੀਆਂ ਤੇ ਸਕੂਲ ਸਟਾਫ ਦੇ ਲਈ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ। ਮੇਲੇ ਦਾ ਮੁੱਖ ਕੇਂਦਰ ਸਟੈਮ ਲੈਬ ਰਿਹਾ ਜਿਸ ਵਿਚ ਰੋਬੋਟਿਕ ਹੈਲੀਕੈਪਟਰ ਨੇ ਅਸਮਾਨ ਦੀਆਂ ਉਚਾਈਆਂ ਨੂੰ ਛੂਹ ਕੇ ਆਏ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਅਧਿਆਪਕਾਂ ਦੇ ਸਹਿਯੋਗ ਨਾਲ ਗਣਿਤ, ਵਿਗਿਆਨ ਤੇ ਵਰਕਿੰਗ ਮਾਡਲਾਂ ਦੀ ਪ੍ਰਦਰਸ਼ਨੀ ਲਾਈ। ਸਕੂਲ ਦੀ ਪ੍ਰਬੰਧਕ ਕਮੇਟੀ ਦੀ ਮੀਤ ਪ੍ਰਧਾਨ ਰਮਨ ਕਾਂਤਾ ਸ਼ਰਮਾ ਨੇ ਮੇਲੇ ਵਿਚ ਮੌਜੂਦ ਸਾਰੇ ਮਾਪਿਆਂ ਤੇ ਵਿਦਿਆਰਥੀਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਤੇ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦੀ ਮੀਤ ਪ੍ਰਿੰਸੀਪਲ ਮੋਨਿਕਾ ਅਨੰਦ, ਰੋਹਣੀ ਆਹੂਜਾ, ਜਸਵਿੰਦਰ ਕੌਰ, ਮਨਪ੍ਰੀਤ ਕੌਰ, ਗੁਲਸ਼ਨ, ਮਨੀਸ਼ਾ, ਗਗਨ, ਸੁਧਾ ਤੇ ਕਾਮਨੀ ਆਦਿ ਹਾਜ਼ਰ ਸਨ।
ਲਾਇਨਜ਼ ਕਲੱਬ ਵੱਲੋਂ ਦੀਵਾਲੀ ਨੂੰ ਸਮਰਪਿਤ ਸਮਾਗਮ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਲਾਇਨਜ਼ ਕਲੱਬ ਬਾਬੈਨ ਨੇ ਇਕ ਨਿੱਜੀ ਪੈਲੇਸ ਵਿਚ ਦੀਵਾਲੀ ਮੇਲਾ ਕਰਵਾਇਆ, ਜਿਸ ਵਿਚ ਕਲੱਬ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ। ਕਲੱਬ ਦੇ ਪ੍ਰਧਾਨ ਰਵੀ ਪ੍ਰਕਾਸ਼ ਨੇ ਆਏ ਹੋਏ ਸਾਰੇ ਮੈਂਬਰਾਂ ਨੂੰ ਮਠਿਆਈਆਂ ਤੇ ਹੋਰ ਤੋਹਫੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕਲੱਬ ਦੇ ਸਕੱਤਰ ਚੰਦਰ ਸ਼ੇਖਰ, ਖਜ਼ਾਨਚੀ ਗੁਰਬਚਨ ਸਿੰਘ, ਸਾਬਕਾ ਪ੍ਰਧਾਨ ਤੇ ਡਾਇਰੈਕਟਰ ਰਮੇਸ਼ ਸੈਣੀ ਆਦਿ ਹਾਜ਼ਰ ਸਨ।