ਮਹਿਲਾ ਤੇ ਬੱਸ ਡਰਾਈਵਰ ਵਿਚਕਾਰ ਵਿਵਾਦ ਵਧਿਆ
ਹਤਿੰਦਰ ਮਹਿਤਾ
ਜਲੰਧਰ, 23 ਜੂਨ
ਇੱਥੇ ਸ਼ਹੀਦ ਭਗਤ ਸਿੰਘ ਅੰਤਰਰਾਜੀ ਬੱਸ ਸਟੈਂਡ ‘ਤੇ ਅੱਜ ਬੱਸ ਡਰਾਈਵਰ ਅਤੇ ਮਹਿਲਾ ਯਾਤਰੀ ਵਿਚਕਾਰ ਵਿਵਾਦ ਹੋ ਗਿਆ। ਗੱਲ ਏਨੀ ਜ਼ਿਆਦਾ ਵੱਧ ਗਈ ਕਿ ਚਾਲਕਾਂ ਨੇ ਬੱਸ ਸਟੈਂਡ ਦੇ ਗੇਟਾਂ ਅੱਗੇ ਬੱਸਾਂ ਖੜ੍ਹੀਆਂ ਕਰਕੇ ਸਾਰੇ ਗੇਟ ਬੰਦ ਕਰ ਦਿੱਤੇ। ਇਸ ਤੋਂ ਬਾਅਦ ਸਵਾਰੀਆਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਘਟਨਾ ਵਾਲੀ ਥਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੰਮੂ ਨੂੰ ਜਾਣ ਵਾਲੀ ਪੀਆਰਟੀਸੀ ਦੇ ਚਾਲਕ ਅਨੁਸਾਰ ਉਸ ਨੇ ਇੱਕ ਔਰਤ ਨੂੰ ਦਰਵਾਜ਼ੇ ਤੋਂ ਅੱਗੇ ਜਾਣ ਲਈ ਕਿਹਾ ਕਿ ਹੋਰ ਵੀ ਸਵਾਰੀਆਂ ਚੜ੍ਹਨੀਆਂ ਹਨ ਤੇ ਉਹ ਅੱਗੇ ਹੋ ਜਾਵੇ। ਇਸ ਤੋਂ ਬਾਅਦ ਉਕਤ ਔਰਤ ਨੇ ਵਿਵਾਦ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਨੂੰ ਕਥਿਤ ਗਾਲ੍ਹਾ ਕੱਢਣ ਲੱਗ ਪਈ। ਵਿਵਾਦ ਦੌਰਾਨ ਮੌਕੇ ‘ਤੇ ਪਨਬੱਸ ਦੇ ਜਰਨਲ ਮੇਨੇਜਰ ਵੀ ਆ ਗਏ ਤੇ ਔਰਤ ਨੂੰ ਸਮਝਾਉਣ ਲੱਗੇ। ਔਰਤ ਨੇ ਉਨ੍ਹਾਂ ਨੂੰ ਵੀ ਧੱਕੇ ਮਾਰੇ। ਇਸ ਤੋਂ ਬਾਅਦ ਬੱਸ ਨੂੰ ਬੱਸ ਸਟੈਂਡ ਵਿਚ ਸਥਿਤ ਪੁਲੀਸ ਚੌਕੀ ਲੈ ਗਏ। ਵਿਵਾਦ ਹੁੰਦਾ ਦੇਖ ਉਥੇ ਪਨਬੱਸ ਅਤੇ ਪੀਆਰਟੀਸੀ ਦੀਆਂ ਯੂਨੀਅਨਾਂ ਦੇ ਆਗੂ ਵੀ ਆ ਗਏ ਤੇ ਮਹਿਲਾ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕਰਨ ਲੱਗ ਪਏ।
ਪੁਲੀਸ ਵੱਲੋਂ ਕੇਸ ਦਰਜ ਕਰਨ ਵਿਚ ਕੀਤੀ ਜਾ ਰਹੀ ਆਨਾ-ਕਾਨੀ ਕਰਨ ਦੇ ਵਿਰੋਧ ਵਿੱਚ ਉਨ੍ਹਾਂ ਬੱਸ ਸਟੈਂਡ ਦੇ ਸਾਰੇ ਗੇਟਾਂ ਅੱਗੇ ਬੱਸਾਂ ਖੜ੍ਹੀਆਂ ਕਰਕੇ ਅੱਡਾ ਬੰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜੱਦ ਤੱਕ ਵਿਵਾਦ ਕਰਨ ਵਾਲੀ ਮਹਿਲਾ ਵਿਰੁੱਧ ਕੇਸ ਨਹੀਂ ਦਰਜ ਕੀਤਾ ਜਾਂਦਾ ਉਹ ਇਸੇ ਤਰ੍ਹਾਂ ਬੱਸ ਅੱਡਾ ਬੰਦ ਰੱਖਣਗੇ। ਦੋ ਘੰਟਿਆਂ ਬਾਅਦ ਔਰਤ ਨੇ ਲਿਖਤੀ ਮੁਆਫ਼ੀ ਮੰਗੀ ਤੇ ਬੱਸ ਦਾ ਟਾਈਮ ਮਿਸ ਹੋਣ ਕਾਰਨ ਪਨਬੱਸ ਨੂੰ ਦਸ ਹਜ਼ਾਰ ਰੁਪਏ ਦੇ ਕੇ ਰਾਜ਼ੀਨਾਮਾ ਕੀਤਾ। ਇਸ ਤੋਂ ਬਾਅਦ ਬੱਸ ਸਟੈਂਡ ਤੋਂ ਬੱਸਾਂ ਦਾ ਆਉਣਾ-ਜਾਣਾ ਸ਼ੁਰੂ ਹੋ ਗਿਆ।