ਛੋਟਾ ਹਾਥੀ ਤੇ ਜੁਗਾੜੂ ਰੇਹੜਿਆਂ ਦੇ ਚਾਲਕਾਂ ਵਿਚਾਲੇ ਰੇੜਕਾ ਵਧਿਆ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 8 ਅਗਸਤ
ਛੋਟੇ ਹਾਥੀਆਂ ਅਤੇ ਜੁਗਾੜੂ ਰੇਹੜਿਆਂ ਦਰਮਿਆਨ ਰੇੜਕਾ ਖ਼ਤਮ ਹੋਣ ਦੀ ਥਾਂ ਵਧ ਰਿਹਾ ਹੈ ਅਤੇ ਹਾਲਾਤ ਤਣਾਅ ਵਾਲੇ ਬਣ ਰਹੇ ਹਨ। ਹਾਈ ਕੋਰਟ ਵਲੋਂ ਜੁਗਾੜੂ ਰੇਹੜਿਆਂ ਖ਼ਿਲਾਫ਼ ਦਿੱਤੇ ਫ਼ੈਸਲੇ ਨੇ ਸਥਿਤੀ ਉਲਟਾ ਦਿੱਤੀ ਹੈ। ਦੂਜੇ ਪਾਸੇ ਭਗਵੰਤ ਮਾਨ ਸਰਕਾਰ ਨੇ ਸੱਤਾ ’ਚ ਆਉਂਦਿਆਂ ਹਾਈ ਕੋਰਟ ਦੇ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨ ਲਈ ਕਦਮ ਚੁੱਕੇ ਹਨ, ਜਿਸ ਦੇ ਵਿਰੋਧ ’ਚ ਜੁਗਾੜੂ ਰੇਹੜਿਆਂ ਦੇ ਚਾਲਕ ਪ੍ਰਦਰਸ਼ਨ ਕਰ ਰਹੇ ਹਨ। ਹਾਕਮ ਧਿਰ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਮੂਹਰੇ ਵੀ ਘਿਰਾਓ ਤੇ ਪ੍ਰਦਰਸ਼ਨ ਹੋਏ। ਇਸ ਮਸਲੇ ਦੇ ਹੱਲ ਲਈ ਅੱਜ ਇਥੇ ਡੀਐੱਸਪੀ ਗੁਰਵਿੰਦਰ ਸਿੰਘ ਦੇ ਦਫ਼ਤਰ ਵਿੱਚ ਦੋਹਾਂ ਧਿਰਾਂ ਦੀ ਇਕੱਤਰਤਾ ਰੱਖੀ ਗਈ। ਮੀਟਿੰਗ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਦੀ ਅਪੀਲ ’ਤੇ ਸੱਦੀ ਗਈ। ਮੀਟਿੰਗ ਵਿੱਚ ਫੋਰਵ੍ਹੀਲਰ ਚਾਲਕਾਂ ਨੂੰ ਥੋੜੇ ਘੱਟ ਵਜ਼ਨੀ ਮਾਲ ਦੀ ਢੋਆ-ਢੁਆਈ ਦੀ ਜਗਾੜੂ ਵਾਹਨ ਚਾਲਕਾਂ ਨੂੰ ਇਜਾਜ਼ਤ ਦੇਣ ਦੀ ਅਪੀਲ ਕੀਤੀ ਗਈ। ਫੋਰਵ੍ਹੀਲਰ ਚਾਲਕਾਂ ਨੇ ਦੱਸਿਆ ਕਿ ਹਾਈ ਕੋਰਟ ’ਚ ਉਨ੍ਹਾਂ ਵਲੋਂ ਲਗਾਈ ਅਪੀਲ ’ਤੇ ਅੱਜ ਫ਼ੈਸਲਾ ਹੋਣ ਦੀ ਸੰਭਾਵਨਾ ਹੈ।
ਪਹਿਲਾਂ ਵੀ ਹਾਈ ਕੋਰਟ 18 ਅਪਰੈਲ ਨੂੰ ਇਹ ਜਗਾੜੂ ਰੇਹੜੇ ਬੰਦ ਕਰਵਾਉਣ ਦੇ ਆਦੇਸ਼ ਜਾਰੀ ਕਰ ਚੁੱਕਾ ਹੈ। ਦੂਜੇ ਪਾਸੇ ਜੁਗਾੜੂ ਰੇਹੜੇ ਵਾਲਿਆਂ ਦਾ ਤਰਕ ਸੀ ਕਿ ਉਨ੍ਹਾਂ ਕੋਲ ਜ਼ਿਆਦਾ ਪੂੰਜੀ ਨਾ ਹੋਣ ਕਾਰਨ ਉਹ ਮਹਿੰਗਾ ਵਾਹਨ ਖਰੀਦਣ ਤੋਂ ਅਸਮਰਥ ਹਨ। ਛੋਟੇ ਭਾਰ ਲਈ ਵੱਡਾ ਵਾਹਨ ਆਮ ਖਪਤਕਾਰਾਂ ਨੂੰ ਵਾਰਾ ਵੀ ਨਹੀਂ ਖਾਂਦਾ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਅਤੇ ਇੰਦਰਜੀਤ ਸਿੰਘ ਧਾਲੀਵਾਲ ਨੇ ਫੋਰਵ੍ਹੀਲਰ ਦਾ ਸਰਕਾਰੀ ਰੋਡ ਟੈਕਸ ਬੰਦ ਕਰਨ ਦੀ ਮੰਗ ਕੀਤੀ ਕਿਉਂਕਿ ਬੈਂਕ ਦੀਆਂ ਕਿਸ਼ਤਾਂ, ਰੋਡ ਟੈਕਸ ਜਮ੍ਹਾਂ ਕਰਾਉਣ ਦਾ ਬੋਝ, ਮਹਿੰਗੇ ਤੇਲ ਤੇ ਮੁਰੰਮਤ ਆਦਿ ਦੇ ਖਰਚੇ ਹੀ ਜੁਗਾੜੂ ਰੇਹੜੇ ਵਾਲੇ ਵਾਹਨ ਚਾਲਕਾਂ ਦੇ ਵਾਹਨ ਬੰਦ ਕਰਾਉਣ ਦਾ ਕਾਰਨ ਬਣਦੇ ਹਨ। ਇਸ ਮੌਕੇ ਪ੍ਰਧਾਨ ਮਨਦੀਪ ਸਿੰਘ ਸਿੱਧਵਾਂ ਬੇਟ ਅਤੇ ਜਗਾੜੂ ਰੇਹੜਾ ਚਾਲਕਾਂ ਵਲੋਂ ਹਰਜਿੰਦਰ ਸਿੰਘ, ਮਨਜੀਤ ਸਿੰਘ ਭਮਾਲ, ਸਤਨਾਮ ਸਿੰਘ, ਮੋਹਣ ਸਿੰਘ ਆਦਿ ਹਾਜ਼ਰ ਸਨ।