‘ਪਾਣੀ ’ਤੇ ਮੂਰਤ’ ਪੁਸਤਕ ’ਤੇ ਗੋਸ਼ਟੀ ਕਰਵਾਈ
ਲਖਵੀਰ ਸਿੰਘ ਚੀਮਾ
ਟੱਲੇਵਾਲ, 16 ਸਤੰਬਰ
ਗਜ਼ਲ ਮੰਚ ਬਰਨਾਲਾ ਵੱਲੋਂ ਗਜ਼ਲਕਾਰ ਅਵਤਾਰ ਸਿੰਘ ਮਾਨ ਦੇ ਗਜ਼ਲ ਸੰਗ੍ਰਹਿ ‘ਪਾਣੀ ’ਤੇ ਮੂਰਤ’ ਉੱਪਰ ਗੋਸ਼ਟੀ ਕਰਵਾਈ ਗਈ। ਡਾਕਟਰ ਰਾਮਪਾਲ ਸ਼ਾਹਪੁਰੀ ਨੇ ਖੋਜ ਪੱਤਰ ਪੜ੍ਹਦਿਆਂ ਕਿਹਾ ਕਿ ਮਾਨ ਆਪਣੀ ਪੁਸਤਕ ਵਿੱਚ ਸਮਾਜ ਪ੍ਰਤੀ ਉਸਾਰੂ ਨਜ਼ਰੀਏ ਦਾ ਵੀ ਪ੍ਰਗਟਾਵਾ ਕਰਦਾ ਹੈ ਅਤੇ ਅਜੋਕੇ ਮਨੁੱਖੀ ਮਾਪਦੰਡਾਂ ਅਤੇ ਨਵੀਨ ਪ੍ਰਵਿਰਤੀਆਂ ਦੀ ਗੱਲ ਕਰਦਾ ਹੈ। ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਨੇ ਮਾਨ ਨੂੰ ਬਹਿਰ ਵਜ਼ਨ ਦਾ ਗਿਆਤਾ ਸ਼ਾਇਰ ਕਿਹਾ। ਕਹਾਣੀਕਾਰ ਭੋਲਾ ਸਿੰਘ ਸੰਘੇੜਾ ਨੇ ਕਿਹਾ ਕਿ ਮਾਨ ਚੇਤਨ ਸ਼ਾਇਰ ਹੈ ਅਤੇ ਆਲ਼ੇ ਦੁਆਲ਼ੇ ਦੇ ਬਹੁ ਪਰਤੀ ਜੀਵਨ ਨੂੰ ਸਮਝਦਾ ਵੀ ਹੈ। ਪੁਸਤਕ ਬਾਰੇ ਡਾਕਟਰ ਭੁਪਿੰਦਰ ਸਿੰਘ ਬੇਦੀ, ਡਾ. ਸੰਪੂਰਨ ਸਿੰਘ ਟੱਲੇਵਾਲੀਆ, ਮੰਚ ਦੇ ਜਨਰਲ ਸਕੱਤਰ ਗੁਰਪਾਲ ਸਿੰਘ ਬਿਲਾਵਲ, ਮੰਚ ਦੇ ਪ੍ਰਧਾਨ ਜਗਜੀਤ ਗੁਰਮ, ਡਾਕਟਰ ਹਰਭਗਵਾਨ ਅਤੇ ਲਛਮਣ ਦਾਸ ਮੁਸਾਫ਼ਿਰ ਨੇ ਵੀ ਵਿਚਾਰ ਪੇਸ਼ ਕੀਤੇ। ਗੋਸ਼ਟੀ ਦੇ ਪ੍ਰਧਾਨ ਗਜ਼ਲਗੋ ਅਜੀਤਪਾਲ ਜਟਾਣਾ ਅਤੇ ਮੁੱਖ ਮਹਿਮਾਨ ਗ਼ਜ਼ਲਕਾਰ ਕੁਲਵਿੰਦਰ ਬੱਛੋਆਣਾ ਨੇ ਕਿਹਾ ਕਿ ਅਵਤਾਰ ਸਿੰਘ ਮਾਨ ਨੇ ਢਾਈ ਦਹਾਕਿਆਂ ਵਿਚ ਲਿਖੀਆਂ ਗਜ਼ਲਾਂ ਪੁਸਤਕ ਵਿੱਚ ਸ਼ਾਮਲ ਕਰਕੇ ਪ੍ਰੌੜ ਸ਼ਾਇਰ ਹੋਣ ਦਾ ਪ੍ਰਮਾਣ ਦਿੱਤਾ ਹੈ।