ਗਜ਼ਲ ਸੰਗ੍ਰਹਿ ‘ਹੁਣ ਤਾਂ ਸ਼ਾਇਦ’ ’ਤੇ ਚਰਚਾ ਸਬੰਧੀ ਸਮਾਗਮ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 21 ਨਵੰਬਰ
ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ ਵੱਲੋਂ ਡਾ. ਸ਼ਮਸ਼ੇਰ ਮੋਹੀ ਦੇ ਗਜ਼ਲ ਸੰਗ੍ਰਹਿ ‘ਹੁਣ ਤਾਂ ਸ਼ਾਇਦ’ ’ਤੇ ਚਰਚਾ ਲਈ ਸਭਾ ਦੇ ਸਰਪ੍ਰਸਤ ਜਸਬੀਰ ਸਿੰਘ ਧੀਮਾਨ ਦੀ ਅਗਵਾਈ ਹੇਠ ਵਿਸ਼ੇਸ਼ ਸਮਾਗਮ ਹੋਇਆ। ਸਮਾਗਮ ਦੇ ਸ਼ੁਰੂ ’ਚ ਪੰਜਾਬੀ ਸਾਹਿਤ ਜਗਤ ਨੂੰ ਅਲਵਿਦਾ ਕਹਿ ਗਏ ਸਾਹਿਤਕਾਰ ਨ੍ਰਿਪਇੰਦਰ ਰਤਨ, ਪ੍ਰੋ. ਮੋਹਨ ਸਿੰਘ ਦੀ ਬੇਟੀ ਜਿੰਦਾ ਅਤੇ ਪੱਛਮੀ ਪੰਜਾਬ ਤੋਂ ਸਰਬਾਂਗੀ ਲੇਖਕ ਅਬਦੁਲ ਕਦੀਮ ਕੁਦਸੀ ਦੀ ਯਾਦ ਵਿੱਚ ਸ਼ੋਕ ਮਤਾ ਪਾਸ ਕੀਤਾ ਗਿਆ। ਪੁਸਤਕ ਤੇ ਚਰਚਾ ਤੋਂ ਪਹਿਲਾਂ ਡਾ. ਸ਼ਮਸ਼ੇਰ ਮੋਹੀ ਨੇ ਆਪਣੇ ਗਜ਼ਲ ਸੰਗ੍ਰਹਿ ਵਿਚੋਂ ਪੰਜ ਗਜ਼ਲਾਂ ਪੇਸ਼ ਕੀਤੀਆਂ। ਪਹਿਲਾ ਪਰਚਾ ਪੇਸ਼ ਕਰਦਿਆਂ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਤੋਂ ਡਾ. ਹਰਪ੍ਰੀਤ ਸਿੰਘ ਨੇ ਕਿਹਾ ਕਿ ਮੋਹੀ ਦੀ ਸ਼ਾਇਰੀ ਦਰਦ, ਦਰਵੇਸ਼ੀ ਤੇ ਨਾਬਰੀ ਦੀ ਸ਼ਾਇਰੀ ਹੈ। ਸੰਵੇਦਨਾ ਨਾਲ ਭਰੀ ਹੋਈ ਸ਼ਾਇਰੀ ਵਿੱਚ ਮੋਹੀ ਨੇ ਪਿਆਰ ਦੀਆਂ ਤੰਦਾਂ ਨੂੰ ਬਹੁਤ ਸੂਖਮਤਾ ਨਾਲ ਛੋਹਿਆ ਹੈ। ਮਦਨ ਵੀਰਾ ਨੇ ਮੋਹੀ ਦੀ ਸ਼ਾਇਰੀ ਨੂੰ ਨਿੱਜ ਤੋਂ ਸੁਖਮਤਾ ਵੱਲ ਕਦਮ ਦੱਸਦਿਆਂ ਜ਼ਿਕਰ ਤੇ ਫ਼ਿਕਰ ਵਾਲੀ ਸ਼ਾਇਰੀ ਕਰਾਰ ਦਿੱਤਾ। ਡਾ. ਜਸਵੰਤ ਰਾਏ ਨੇ ਕਿਹਾ ਕਿ ਮੋਹੀ ਦੀਆਂ ਗਜ਼ਲਾਂ ਵਿੱਚ ਜ਼ਿੰਦਗੀ ਧੜਕਦੀ ਹੈ ਅਤੇ ਉਸ ਨੇ ਨਾਬਰੀ ਸੁਰ ਨੂੰ ਬੜੀ ਬੇਬਾਕੀ ਨਾਲ ਪੇਸ਼ ਕੀਤਾ ਹੈ। ਡਾ. ਕਰਮਜੀਤ ਸਿੰਘ ਨੇ ਸਮਕਾਲੀ ਦੌਰ ਵਿੱਚ ਪੁਖ਼ਤਗੀ ਨਾਲ ਗਜ਼ਲ ਲਿਖਣ ਵਾਲੇ ਡਾ. ਮੋਹੀ ਨੂੰ ਇਵੇਂ ਹੀ ਇਸ ਤੋਰ ਨੂੰ ਬਰਕਰਾਰ ਰੱਖਣ ਲਈ ਪ੍ਰੇਰਿਆ। ਚਰਚਾ ਵਿੱਚ ਸੋਮ ਦੱਤ ਦਿਲਗੀਰ, ਅਮਰੀਕ ਡੋਗਰਾ, ਕੁਲਤਾਰ ਸਿੰਘ ਕੁਲਤਾਰ, ਦਰਸ਼ਨ ਸਿੰਘ ਦਰਸ਼ਨ, ਸੁਰਿੰਦਰ ਕੰਗਵੀ, ਤੀਰਥ ਚੰਦ ਸਰੋਆ, ਸੁਰਿੰਦਰ ਸੱਲ੍ਹਣ, ਰਾਜ ਕੁਮਾਰ ਘਾਸੀਪੁਰੀਆ, ਡਾ. ਸਰਦੂਲ ਸਿੰਘ, ਮਨਜੀਤ ਕੌਰ ਆਦਿ ਨੇ ਵੀ ਹਿੱਸਾ ਲਿਆ। ਸਮਾਗਮ ਦੌਰਾਨ ਪੁਸਤਕ ਬਾਰੇ ਪੇਸ਼ ਪਰਚਿਆਂ ਨੂੰ ਜਸਬੀਰ ਸਿੰਘ ਧੀਮਾਨ ਨੇ ਆਪਣੀਆਂ ਸਾਰਥਕ ਟਿੱਪਣੀਆਂ ਨਾਲ ਸਮੇਟਿਆ।