For the best experience, open
https://m.punjabitribuneonline.com
on your mobile browser.
Advertisement

ਧਰਾਤਲ ’ਤੇ ਪਨਪਦੇ ਰਿਸ਼ਤਿਆਂ ਦਾ ਬਿਆਨ

07:50 AM Oct 20, 2023 IST
ਧਰਾਤਲ ’ਤੇ ਪਨਪਦੇ ਰਿਸ਼ਤਿਆਂ ਦਾ ਬਿਆਨ
Advertisement

ਡਾ. ਸੁਰਜੀਤ ਸਿੰਘ ਭਦੌੜ

Advertisement

ਪੁਸਤਕ ਪੜਚੋਲ

Advertisement

ਸੁਖਮਿੰਦਰ ਸੇਖੋਂ (ਡਾ.) ਦਾ ਪੰਜਾਬੀ ਸਾਹਿਤ ਵਿੱਚ ਜ਼ਿਕਰਯੋਗ ਸਥਾਨ ਹੈ। ਸੁਖਮਿੰਦਰ ਸਾਢੇ ਚਾਰ ਦਹਾਕਿਆਂ ਤੋਂ ਮਿੰਨੀ ਕਹਾਣੀਆਂ ਲਿਖਦਾ ਆ ਰਿਹਾ ਹੈ। ਪੁਸਤਕ ‘ਰਿਸ਼ਤਿਆਂ ਦੀ ਜ਼ਮੀਨ’ (ਕੀਮਤ: 200 ਰੁਪਏ; ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ) ਉਸ ਦਾ ਤੀਜਾ ਮੌਲਿਕ ਮਿੰਨੀ ਕਹਾਣੀ ਸੰਗ੍ਰਹਿ ਹੈ। ਇਸ ਵਿੱਚ ਸੁਖਮਿੰਦਰ ਸੇਖੋਂ ਦੀਆਂ 70 ਚੋਣਵੀਆਂ ਮਿੰਨੀ ਕਹਾਣੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਕਹਾਣੀ ਸੰਗ੍ਰਹਿ ਧਰਾਤਲ ’ਤੇ ਵਿਚਰਦੇ, ਪਨਪਦੇ ਰਿਸ਼ਤਿਆਂ ਦੀ ਬਾਰੀਕ ਬਿਆਨੀ ਹੈ। ਮਿੰਨੀ ਕਹਾਣੀ ਦਾ ਮੰਤਵ ਹੀ ਥੋੜ੍ਹੇ ਸ਼ਬਦਾਂ ਵਿੱਚ ਵੱਡਾ ਸੁਨੇਹਾ ਦੇਣਾ ਹੁੰਦਾ ਹੈ। ਉਸ ਦੀਆਂ ਕਹਾਣੀਆਂ ਇਸ ਮੰਤਵ ਦੀ ਮੁਕੰਮਲ ਪੂਰਤੀ ਕਰਦੀਆਂ ਹਨ।
ਸੁਖਮਿੰਦਰ ਨੇ ਇਸ ਚੋਣਵੀਆਂ ਮਿੰਨੀ ਕਹਾਣੀਆਂ ਦੇ ਸੰਗ੍ਰਹਿ ਲਈ ਕਹਾਣੀਆਂ ਦੀ ਚੋਣ ਸਮਾਜ ਦੇ ਹਰ ਵਰਤਾਰੇ ਨੂੰ ਸੂਖ਼ਮ ਪੱਧਰ ’ਤੇ ਦੇਖਦਿਆਂ ਕੀਤੀ ਹੈ। ਕਹਾਣੀ ਦੇ ਸਿਰਲੇਖ ਤੋਂ ਇਸ ਦੇ ਨਤੀਜੇ ਦਾ ਪਤਾ ਨਹੀਂ ਲੱਗਦਾ ਕਿਉਂਕਿ ਕਹਾਣੀਆਂ ਦੇ ਅੰਤ ਤੱਕ ਉਤਸੁਕਤਾ ਬਰਕਰਾਰ ਰਹਿੰਦੀ ਹੈ ਜਿਵੇਂ ਕਹਾਣੀ ‘ਚੋਰ’ ਅਤੇ ‘ਚੋਰ ਚੋਰ’ ਦੋਵਾਂ ਦੇ ਚੋਰ ਬਹੁਤ ਹੀ ਅਲੱਗ ਤਰ੍ਹਾਂ ਦੇ ਚੋਰ ਜਾਪਦੇ ਹਨ। ਕਹਾਣੀ ‘ਚੋਰ’ ਵਿਚਲਾ ਦਰਸ਼ਨ ਆਪਣੀ ਕਿਰਾਏਦਾਰਨੀ ਔਰਤ ਦੀ ਵਰਜ਼ਿਸ਼ ਦੇ ਨਜ਼ਾਰੇ ਦੇਖਦਾ ਚੋਰ ਬਣ ਜਾਂਦਾ ਹੈ ਅਤੇ ‘ਚੋਰ ਚੋਰ’ ਵਿੱਚ ਹਰਦੀਪ ਜੋ ਰਿਸ਼ਵਤ ਦੇ ਪੈਸੇ ਲੈ ਕੇ ਆਇਆ, ਉਸ ਨੂੰ ਅੱਗੋਂ ਉਹਦੇ ਘਰ ਦਾ ਨੌਕਰ ਚੁਰਾ ਕੇ ਲੈ ਜਾਂਦਾ ਹੈ। ‘ਚੋਰ ਚੋਰ’ ਦੀ ਬਜਾਏ ਕਹਾਣੀ ਦਾ ਸਿਰਲੇਖ ਚੋਰਾਂ ਨੂੰ ਮੋਰ ਰੱਖਣਾ ਢੁੱਕਵਾਂ ਜਾਪਦਾ ਹੈ।
ਕਹਾਣੀਕਾਰ ਮਿੰਨੀ ਕਹਾਣੀਆਂ ’ਚ ਬਹੁਤ ਵੱਡੇ ਸਵਾਲ ਖੜ੍ਹੇ ਕਰਦਾ ਹੈ ਜਿਵੇਂ ਮੁਹੱਲੇ ਦੀ ਰਖਵਾਲੀ ਕਰਦੇ ਚੌਕੀਦਾਰ ਦੀ ਪਤਨੀ ਦੇ ਬਲਾਤਕਾਰ ਤੋਂ ਬਾਅਦ ਚੌਕੀਦਾਰ ਦੀ ਸ਼ਰਮਿੰਦਗੀ (ਚੌਕੀਦਾਰ), ਜ਼ਮੀਨਾਂ ਜਾਇਦਾਦਾਂ ਦੇ ਲਾਲਚ ’ਚ ਬੁਢਾਪੇ ਦੀ ਅਣਦੇਖੀ (ਤੇਰੇ ਨਾਓਂ), ਪਤੀ ਪਤਨੀ ਦਾ ਪਿਆਰਾ ਝਗੜਾ (ਤੁਹਾਡੀ ਸਹੁੰ) ਅਤੇ ਸੈਕੰਡ ਹੈਂਡ ਵਿੱਚ ਸਮਾਰਟ ਫੋਨਾਂ ਦੇ ਨੁਕਸਾਨ ਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਗਿਆ ਹੈ। ਬਹੁਤ ਛੋਟੀ ਕਹਾਣੀ ‘ਕਮਾਈਆਂ’ ਵਿੱਚ ਵਿਦੇਸ਼ ਵਿੱਚ ਸੈਟਲ ਹੋਣ ਦੀ ਲਾਲਸਾ ਕਾਰਨ ਪਰਾਏ ਹੋਏ ਮਾਪਿਆਂ ਦੀ ਵਿਥਿਆ ਤੇ ‘ਉਮਰਾਂ ਦੀ ਕਮਾਈ’ ਵਿੱਚ ਵਿਆਹ ਤੋਂ ਬਾਅਦ ਸੈਟਲ ਹੋ ਜਾਂਦੇ ਬੱਚਿਆਂ ਖ਼ਾਸਕਰ ਪੁੱਤਰਾਂ ਤੋਂ ਮਾਪਿਆਂ ਦੀ ਹੋ ਰਹੀ ਅਣਦੇਖੀ ਦਾ ਬਿਆਨ ਹੈ।
ਕਿਤਾਬ ਵਿਚਲੀਆਂ ਕਹਾਣੀਆਂ ‘ਡੀਲ’ ਅਤੇ ‘ਤੁਹਾਡੀ ਖੁਸ਼ੀ’ ਦਫ਼ਤਰਾਂ ਵਿੱਚ ਅਫ਼ਸਰਾਂ ਦੀ ਅੱਯਾਸ਼ੀ ਦੀ ਪੂਰਤੀ ਲਈ ਆਪਣੀਆਂ ਪਤਨੀਆਂ ਤੱਕ ਪੇਸ਼ ਕਰਨ ਜਾਂ ਪਤਨੀ ਦੀ ਇੱਜ਼ਤ ਨਿਲਾਮ ਕਰਨ ਦੀ ਘਨਿੌਣੀ ਤਸਵੀਰ ਕਰਦੀਆਂ ਹਨ। ਮਿੰਨੀ ਕਹਾਣੀਆਂ ‘ਨੌਕਰੀ’ ਤੇ ‘ਅਸੂਲ’ ਦਫ਼ਤਰਾਂ ਵਿਚਲੇ ਕੰਮਕਾਰ ਦੀ ਅਸਲ ਬਿਆਨੀ ਕਰਦੀਆਂ ਹਨ। ਲੇਖਕ ਨੇ ਸੀਰੀਆਂ ਦੇ ਨਾਮ ’ਤੇ ਕਰਜ਼ੇ ਅਤੇ ਸਹੂਲਤਾਂ ਲੈ ਕੇ ਬਣੇ ਅਖੌਤੀ ਸਰਦਾਰਾਂ ’ਤੇ ਵੀ ਮਿੰਨੀ ਕਹਾਣੀ ‘ਪਛੜੇ ਲੋਕ’ ਰਾਹੀਂ ਕਟਾਖਸ਼ ਕੀਤਾ ਹੈ। ਗੁਰਿੰਦਰ ਵਰਗੀਆਂ ਵੇਸਵਾਗਮਨੀ ਕਰਦੀਆਂ ਔਰਤਾਂ ਦੀਆਂ ਮਜਬੂਰੀਆਂ ਦਾ ‘ਮਜ਼ਬੂਰੀਆਂ’ ਕਹਾਣੀ ਰਾਹੀਂ ਜ਼ਿਕਰ ਕਰਦਾ ਹੈ। ਕਹਾਣੀਕਾਰ ਮਿੰਨੀ ਕਹਾਣੀ ‘ਧੰਦਾ’ ਰਾਹੀਂ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਤੋਂ ਡਿਗਰੀਆਂ ਲੈ ਕੇ ਨੌਕਰੀ ਵਿਹੂਣੇ ਨੌਜਵਾਨਾਂ ਦੇ ਟਿਊਸ਼ਨਾਂ ਵੱਲ ਰੁਝਾਨ ਨੂੰ ਧੰਦੇ ਵਜੋਂ ਮੰਨਦਿਆਂ ਧੰਦੇ ਦੀ ਨਵੀਂ ਪ੍ਰੀਭਾਸ਼ਾ ਦੱਸਦਾ ਹੈ। ‘ਕਿਰਸਾਨ ਦੀ ਮੌਤ’ ਅਤੇ ‘ਖ਼ੁਦਕੁਸ਼ੀ ਨੋਟ’ ਕਹਾਣੀਆਂ ’ਚ ਚੌਕ ’ਤੇ ਮਜ਼ਦੂਰੀ ਦੀ ਉਡੀਕ ਵਿੱਚ ਖੜ੍ਹੇ ਕਿਸਾਨ ਅਤੇ ਖ਼ੁਦਕੁਸ਼ੀ ਵੱਲ ਵਧਦੇ ਕਿਸਾਨ ਦੇ ਦੁੱਖਾਂ ਦਾ ਵਰਣਨ ਕਰਦਾ ਹੈ। ਸੁਖਮਿੰਦਰ ਸੇਖੋਂ ਕਹਾਣੀ ‘ਗੱਦਾਰ’ ’ਚ ਕਿਸਾਨ ਯੂਨੀਅਨਾਂ ਵਿੱਚ ਕੁਝ ਲਾਲਚੀ ਕਿਸਾਨਾਂ ਤੋਂ ਦੁਖੀ ਸਾਧਾਰਨ ਕਿਸਾਨਾਂ ਦੀ ਗੱਲ ਕਰਦਿਆਂ ਮਿੰਨੀ ਕਹਾਣੀ ‘ਦਿੱਲੀ ਦੂਰ ਨਹੀਂ’ ਵਿੱਚ ਕਿਸਾਨ ਅੰਦੋਲਨ ਦਾ ਵੀ ਜ਼ਿਕਰ ਕਰਦਾ ਹੈ।
ਰਿਸ਼ਤਿਆਂ ਦੇ ਸੰਸਾਰ ਵਿੱਚ ਆਪਸੀ ਸਬੰਧ, ਵਫ਼ਾਦਾਰੀ, ਪਿਆਰ ਸਤਿਕਾਰ, ਦੁੱਖ ਸੁੱਖ ਦੀ ਸਾਂਝ, ਵਿਆਹ, ਤਲਾਕ, ਘਰੇਲੂ ਕਲੇਸ਼, ਪਤੀ ਪਤਨੀ, ਮਾਂ ਬਾਪ ਤੇ ਬੱਚਿਆਂ ਦੇ ਸਬੰਧ ਸ਼ਾਮਿਲ ਹੁੰਦੇ ਹਨ। ਇਨ੍ਹਾਂ ਸਭ ਰਿਸ਼ਤਿਆਂ ਦੇ ਖ਼ੂਬਸੂਰਤ ਬਿਆਨ ਨਾਲ ਰਿਸ਼ਤਿਆਂ ਦੀ ਜ਼ਮੀਨ ਨੂੰ ਸੁਖਮਿੰਦਰ ਨੇ ਮੁਕੰਮਲ ਕੀਤਾ ਹੈ।

ਸੰਪਰਕ: 98884-88060

Advertisement
Author Image

sukhwinder singh

View all posts

Advertisement