ਐੱਸਸੀ ਭਾਈਚਾਰੇ ਵੱਲੋਂ ਅੱਤਿਆਚਾਰਾਂ ਸਬੰਧੀ ਮੁੱਖ ਮੰਤਰੀ ਨੂੰ ਮੰਗ ਪੱਤਰ
ਪੱਤਰ ਪ੍ਰੇਰਕ
ਪਟਿਆਲਾ 26 ਜੂਨ
ਪੰਜਾਬ ਅੰਦਰ ਅਨੁਸੂਚਿਤ ਜਾਤੀ ਗ਼ਰੀਬ ਲੋਕਾਂ ‘ਤੇ ਵਧਦੇ ਜਾ ਰਹੇ ਜਾਤੀ ਅੱਤਿਆਚਾਰਾਂ ਨੂੰ ਰੋਕਣ, ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਵਾਉਣ ਸਬੰਧੀ ਡਾ. ਅੰਬੇਡਕਰ ਕਿਰਤੀ ਮਜ਼ਦੂਰ ਸੰਘ ਪੰਜਾਬ ਦੇ ਆਗੂ ਡਾ. ਜਤਿੰਦਰ ਸਿੰਘ ਮੱਟੂ ਦੀ ਅਗਵਾਈ ਵਿੱਚ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ। ਸ੍ਰੀ ਮੱਟੂ ਨੇ ਕਿਹਾ ਕਿ ਸੂਬੇ ਵਿੱਚ ਅਨੁਸੂਚਿਤ ਜਾਤੀ ਗ਼ਰੀਬ ਲੋਕਾਂ ‘ਤੇ ਜਾਤੀ ਅੱਤਿਆਚਾਰ ਸਿਖ਼ਰਾਂ ‘ਤੇ ਹਨ। ਪੁਲੀਸ ਵੱਲੋਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਵਿੱਚ ਵਰਤੀ ਜਾ ਰਹੀ ਢਿੱਲ ਕਾਰਨ ਇਹ ਜ਼ੁਲਮ ਵਧਦੇ ਜਾ ਰਹੇ ਹਨ। ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਅਟਾਰੀ ਵਿੱਚ ਅਨੁਸੂਚਿਤ ਜਾਤੀ ਸਮਾਜ ਦੇ ਲੋਕਾਂ ਦਾ ਸਮਾਜਿਕ ਬਾਈਕਾਟ ਕੀਤਾ ਗਿਆ ਹੈ। ਇਸ ਕਾਰਨ ਅਨੁਸੂਚਿਤ ਜਾਤੀ ਸਮਾਜ ਦੇ ਵਿਅਕਤੀਆਂ ਨੂੰ ਕਿਸੇ ਵੀ ਦੁਕਾਨ ਤੋਂ ਕੋਈ ਵੀ ਸਾਮਾਨ ਨਹੀਂ ਦਿੱਤਾ ਜਾ ਰਿਹਾ। ਇਸ ਕਾਰਵਾਈ ਖ਼ਿਲਾਫ਼ ਫ਼ਿਰੋਜ਼ਪੁਰ ਪੁਲੀਸ ਵੱਲੋਂ ਅਜੇ ਤੱਕ ਕੋਈ ਐਕਸ਼ਨ ਨਹੀਂ ਲਿਆ ਗਿਆ। ਇਸੇ ਤਰ੍ਹਾਂ ਨਾਭਾ ਖੇਤਰ ਵਿੱਚ ਪਿੰਡ ਜਾਤੀਵਾਲ ਦੀ ਦਲਿਤ ਮਜ਼ਦੂਰ ਮਹਿਲਾ ਔਰਤ ਦਾ ਧਨਾਢ ਵਿਅਕਤੀ ਵੱਲੋਂ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ। ਧਨਾਢ ਵਿਅਕਤੀ ਵੱਲੋਂ ਦਲਿਤ ਮਹਿਲਾ ਅਤੇ ਉਸ ਦੇ ਪਰਿਵਾਰ ਦੀ ਕੁੱਟਮਾਰ ਕੀਤੀ ਅਤੇ ਜਾਤੀ ਪ੍ਰਤੀ ਅਪਸ਼ਬਦ ਬੋਲੇ। ਨਾਭਾ ਹਲਕੇ ਦੇ ਪਿੰਡ ਮਟੋਰੜਾ ਦੇ ਨੌਜਵਾਨ ਪਵਨਦੀਪ ਸਿੰਘ ਦੀ ਜਾਤੀ ਪੁੱਛ ਕੇ ਉਸ ਦੀ ਕੁੱਟਮਾਰ ਕੀਤੀ ਗਈ। ਨਾਭਾ ਪੁਲੀਸ ਵੱਲੋਂ ਦੋਵਾਂ ਕੇਸਾਂ ਵਿੱਚ ਐੱਸਸੀ/ਐੱਸਟੀ ਐਕਟ ਤਹਿਤ ਕੇਸ ਦਰਜ ਨਹੀਂ ਕੀਤਾ ਗਿਆ। ਇਸ ਵੇਲੇ ਮਜ਼ਦੂਰ ਸੰਘ ਦੇ ਜਰਨਲ ਸਕੱਤਰ ਕੁਲਵੰਤ ਸਿੰਘ ਸਰੋਏ, ਰਾਜਿੰਦਰ ਸਿੰਘ ਸਾਧੋਹੇੜੀ, ਪਵਨਦੀਪ ਸਿੰਘ ਹਾਜ਼ਰ ਸਨ।