ਦਲਿਤ ਸਮਾਜ ਦੇ ਨੁਮਾਇੰਦਿਆ ਵੱਲੋਂ ਰਾਜਪਾਲ ਨੂੰ ਮੰਗ ਪੱਤਰ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 20 ਜੁਲਾਈ
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਨੂੰ ਅੱਜ ਚੰੰਡੀਗੜ੍ਹ ਵਿੱਚ ਦਲਿਤ ਸਮਾਜ ਦੇ ਵੱਖ-ਵੱਖ ਨੁਮਾਇੰਦਿਆ ਨੇ ਮੰਗ ਪੱਤਰ ਦਿੱਤਾ। ਵਫਦ ਵਿਚ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ ਰਾਮ, ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਪ੍ਰਧਾਨ ਬਾਬਾ ਕੇਵਲ ਸਿੰਘ ਅਤੇ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜੱਸੀ ਤੱਲਣ ਅਤੇ ਵਰਿੰਦਰ ਹੀਰਾ ਜੱਖੂ ਸ਼ਾਮਲ ਸਨ।
ਵਫ਼ਦ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ ਸਮੇਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਲੀ ਵਿੱਚ ਢਾਹੇ ਗਏ ਸ੍ਰੀ ਗੁਰੂ ਰਵਿਦਾਸ ਮੰਦਰ ਦੀ ਥਾਂ ’ਤੇ ਨਵੇਂ ਸਿਰੇ ਤੋਂ ਮੰਦਰ ਬਣਾ ਕੇ ਦੇਣ ਦੇ ਕੀਤੇ ਐਲਾਨ ਬਾਬਤ ਇਸ ’ਤੇ ਅਮਲ ਕਰਨ ਦੀ ਮੰਗ ਕੀਤੀ। ਵਫ਼ਦ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਵਿੱਚ ਆਦਮਪੁਰ ਦੇ ਹਵਾਈ ਅੱਡੇ ਦਾ ਨਾਂ ਸ੍ਰੀ ਗੁਰੂ ਰਵੀਦਾਸ ਜੀ ਦੇ ਨਾਂ ’ਤੇ ਰੱਖਣ ਬਾਬਤ ਮਤਾ ਪਾਸ ਕੀਤਾ ਹੋਇਆ ਹੈ।
ਉਨ੍ਹਾਂ ਪੰਜਾਬ ਦੇ ਰਾਜਪਾਲ ਕੋਲੋਂ ਮੰਗ ਕੀਤੀ ਕਿ ਪੰਜਾਬ ਦੇ ਦਲਿਤ ਸਮਾਜ ਦੀ ਇਸ ਮੰਗ ਨੂੰ ਹਮਦਰਦੀ ਨਾਲ ਵਿਚਾਰ ਕੇ ਅਮਲ ਵਿੱਚ ਲਿਆਂਦਾ ਜਾਵੇ। ਉਨ੍ਹਾਂ ਇਹ ਮੰਗ ਵੀ ਕੀਤੀ ਕਿ ਸੰਵਿਧਾਨ ਦੀ 85 ਵੀ ਸੋਧ ਨੂੰ ਲਾਗੂ ਕੀਤਾ ਜਾਵੇ। ਪੰਜਾਬ ਦੇ ਸਾਰੇ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਦਾ ਰੇਟ ਸਰਕਾਰੀ ਹਸਪਤਾਲ ਦੇ ਬਰਾਬਰ ਕੀਤਾ ਜਾਵੇ। ਉਨ੍ਹਾਂ ਇਹ ਮੰਗ ਵੀ ਕੀਤੀ ਕਿ ਪੰਜਾਬ ਦਾ ਡੀਜੀਪੀ ਕਿਸੇ ਵੀ ਦਲਿਤ ਪੁਲੀਸ ਅਧਿਕਾਰੀ ਨੂੰ ਲਗਾਇਆ ਜਾਵੇ।