ਪੀਪਲਜ਼ ਪਾਰਟੀ ਆਫ਼ ਇੰਡੀਆ (ਡੈਮੋਕ੍ਰੇਟਿਕ) ਵੱਲੋਂ ਰਾਸ਼ਟਰਪਤੀ ਨੂੰ ਮੰਗ ਪੱਤਰ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 18 ਸਤੰਬਰ
ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕ੍ਰੇਟਿਕ) ਵੱਲੋਂ ਡਿਪਟੀ ਕਮਿਸ਼ਨਰ ਰਾਹੀਂ ਰਾਸ਼ਟਰਪਤੀ ਨੂੰ ਇੱਕ ਮੰਗ ਪੱਤਰ ਭੇਜ ਕੇ ਦੇਸ਼ ਵਿੱਚ ਵੱਧ ਰਹੇ ਲੈਂਗਿਕ ਅਤੇ ਜਾਤੀ ਹਿੰਸਾ ਦੇ ਅਪਰਾਧਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ। ਮੰਗ ਪੱਤਰ ਵਿੱਚ ਮੁੰਬਈ ਅਤੇ ਕਲਕੱਤਾ ਦੀਆਂ ਘਟਨਾਵਾਂ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਔਰਤਾਂ ਅਤੇ ਪੱਛੜੇ ਵਰਗ ’ਤੇ ਹੋ ਰਹੇ ਧੱਕਿਆਂ ਅਤੇ ਅੱਤਿਆਚਾਰ ਨੂੰ ਦੇਸ਼ ਦੇ ਲੋਕਤੰਤਰ ਉੱਪਰ ਕਾਲਾ ਧੱਬਾ ਕਰਾਰ ਦਿੱਤਾ ਗਿਆ ਹੈ। ਜਥੇਬੰਦੀ ਵੱਲੋਂ ਏਡੀਸੀ ਮੇਜਰ ਅਮਿਤ ਸਰੀਨ ਨੂੰ ਮੰਗ ਪੱਤਰ ਸੌਂਪਣ ਵਾਲੇ ਵਫ਼ਦ ਵਿੱਚ ਮੈਡਮ ਬਲਜਿੰਦਰ ਕੌਰ, ਤੀਰਥ ਸਮਰਾ, ਗੁਰਵਿੰਦਰ ਸਿੰਘ ਅਤੇ ਹੰਸ ਰਾਜ ਸਮਰਾ ਵੀ ਸ਼ਾਮਲ ਸਨ। ਇਸ ਮੌਕੇ ਆਗੂਆਂ ਨੇ ਕਿਹਾ ਕਿ ਬਿਹਾਰ ਦੇ ਮੁਜ਼ੱਫਰਪੁਰ ਦੀ ਘਟਨਾ ਤੇ ਮੁੰਬਈ ਤੋਂ ਲੈ ਕੇ ਕਲਕੱਤਾ, ਦਿੱਲੀ ਅਤੇ ਹੈਦਰਾਬਾਦ ਤੱਕ ਸਾਰੇ ਦੇਸ਼ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਅਤਿ ਨਿੰਦਣਯੋਗ ਹਨ। ਉਨ੍ਹਾਂ ਮੰਗ ਕੀਤੀ ਕਿ ਔਰਤਾਂ ਅਤੇ ਪੱਛੜੇ ਵਰਗ ਉੱਪਰ ਹੋਣ ਵਾਲੇ ਅਤਿਆਚਾਰ ਖ਼ਿਲਾਫ਼ ਕਾਰਵਾਈ ਕਰਦੇ ਹੋਏ ਮੁਲਜ਼ਮਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇ।