ਪੀੜਤ ਪਰਿਵਾਰ ਤੇ ਕਿਸਾਨ ਜਥੇਬੰਦੀ ਦੇ ਵਫ਼ਦ ਵੱਲੋਂ ਜ਼ਿਲ੍ਹਾ ਪੁਲੀਸ ਮੁਖੀ ਨਾਲ ਮੁਲਾਕਾਤ
ਬੈਂਕ ਮੈਨੇਜਰ ਕਤਲ ਕਾਂਡ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 3 ਨਵੰਬਰ
ਲੰਘੀ 16 ਅਕਤੂਬਰ ਦੀ ਰਾਤ ਨੂੰ ਸਰਹੰਦ ਫੀਡਰ ਨਹਿਰ ਵਿੱਚ ਸੁੱਟ ਕੇ ਕਤਲ ਕੀਤੇ ਗਏ ਸੈਂਟਰਲ ਬੈਂਕ ਆਫ ਇੰਡੀਆ ਦੇ ਮੈਨੇਜਰ ਸਿਮਰਨਦੀਪ ਬਰਾੜ ਦੇ ਕਤਲ ਸਬੰਧੀ ਮੁਕਤਸਰ ਪੁਲੀਸ ਵੱਲੋਂ 8 ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕਰਨ ਤੋਂ ਬਾਅਦ ਵੀ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ। ਇਸ ’ਤੇ ਸੰਯੁਕਤ ਕਿਸਾਨ ਮੋਰਚਾ ਦੇ ਵਫ਼ਦ ਅਤੇ ਪੀੜਤ ਪਰਿਵਾਰ ਨੇ ਰੋਸ ਜ਼ਾਹਿਰ ਕਰਦਿਆਂ ਇਸ ਨੂੰ ਪੁਲੀਸ ਦੀ ਢਿੱਲ ਕਾਰਵਾਈ ਅਤੇ ਮੁਲਜ਼ਮਾਂ ਨੂੰ ਲਾਭ ਦੇਣ ਦਾ ਮੌਕਾ ਕਰਾਰ ਦਿੰਦਿਆਂ ਅੱਜ ਤੋਂ ਪੱਕਾ ਮੋਰਚਾ ਲਾਉਣ ਦੀ ਚਿਤਾਵਨੀ ਦਿੱਤੀ ਸੀ ਪਰ ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਅਤੇ ਪੀੜਤ ਪਰਿਵਾਰ ਨਾਲ ਬੈਠਕ ਕਰਨ ਤੋਂ ਬਾਅਦ ਜ਼ਿਲ੍ਹਾ ਪੁਲੀਸ ਮੁਖੀ ਤੁਸ਼ਾਰ ਗੁਪਤਾ ਨੇ ਭਰੋਸਾ ਦਿੱਤਾ ਕਿ 18 ਨਵੰਬਰ ਤੱਕ ਪੁਲੀਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਵੇਗੀ। ਇਸ ਵਫ਼ਦ ਵਿੱਚ ਸ਼ਾਮਲ ਰੁਪਿੰਦਰ ਸਿੰਘ ਡੋਹਕ ਜ਼ਿਲ੍ਹਾ ਪ੍ਰਧਾਨ, ਜਸਕਰਨ ਸਿੰਘ ਬੂੜਾ ਗੁੱਜਰ, ਬਲਦੇਵ ਸਿੰਘ ਕੋਟਲੀ ਦੇਵਨ, ਹਰਪ੍ਰੀਤ ਸਿੰਘ ਝਬੇਲਵਾਲੀ, ਧਰਮਪਾਲ ਝਬੇਲਵਾਲੀ, ਹਰਪ੍ਰੀਤ ਸਿੰਘ ਮੰਡੇਰ, ਗੁਰਸ਼ਵਿੰਦਰ ਸਿੰਘ ਕੰਗ ਤੇ ਪੀੜਤ ਦੇ ਪਿਤਾ ਦਰਸ਼ਨ ਸਿੰਘ ਬਰਾੜ, ਭਰਾ ਸਨੇਹਦੀਪ ਬਰਾੜ, ਵਰਿੰਦਰ ਢੋਸੀਵਾਲ ਸੂਬਾ ਜੁਆਇੰਟ ਸਕੱਤਰ ਅਤੇ ਜ਼ਿਲ੍ਹਾ ਈਵੈਂਟ ਇੰਚਾਰਜ ਆਮ ਆਦਮੀ ਪਾਰਟੀ, ਜਸਪ੍ਰੀਤ ਸਿੰਘ ਜਾਖੜ, ਭੁਪਿੰਦਰ ਸਿੰਘ ਰੋਮਾਣਾ, ਜੰਗੀਰ ਸਿੰਘ ਭੁੱਲਰ, ਸਤਵੰਤ ਸਿੰਘ ਭੋਲਾ, ਕਰਮਜੀਤ ਸਿੰਘ ਹੋਰਾਂ ਨੇ ਕਿਹਾ ਕਿ ਕਿ ਉਨ੍ਹਾਂ ਨੂੰ ਕਤਲ ਦੇ ਦੋਸ਼ੀਆਂ ਦੀ ਪੜਤਾਲ ਲਈ ਬਣਾਈ ਸਿੱਟ ਵਿੱਚ ਸ਼ਾਮਿਲ ਡੀਐਸਪੀ ਦੀ ਕਾਰਗੁਜ਼ਾਰੀ ‘ਤੇ ਸ਼ੱਕ ਹੈ ਇਸ ਲਈ ਇਸ ਡੀਐੱਸਪੀ ਨੂੰ ਸਿੱਟ ਵਿੱਚੋਂ ਬਦਲਿਆ ਜਾਵੇ। ਪੁਲੀਸ ਮੁਖੀ ਨੇ ਇਸ ਸੈਟ ਮੈਂਬਰ ਨੂੰ ਬਦਲਣ ਦਾ ਵੀ ਭਰੋਸਾ ਦਿੱਤਾ। ਆਗੂਆਂ ਨੇ ਪੁਲੀਸ ਨੂੰ ਚਿਤਾਵਨੀ ਦਿੱਤੀ ਕਿ ਜੇ 18 ਨਵੰਬਰ ਤੱਕ ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਕੀਤੀ ਗਈ ਤਾਂ ਉਹ ਐੱਸਐੱਸਪੀ ਦਫਤਰ ਦੇ ਮੂਹਰੇ ਅਣਮਿਥੇ ਸਮੇਂ ਲਈ ਧਰਨਾ ਦੇਣਗੇ। ਇਸ ਲਈ ਵਫਦ ਨੇ ਅੱਜ ਦਾ ਧਰਨਾਮੁਲਤਵੀ ਕਰਦਿਆਂ 18 ਨਵੰਬਰ ਤੱਕ ਪੁਲੀਸ ਪਾਸੋਂ ਇਨਸਾਫ ਦੇ ਉਡੀਕ ਕਰਨ ਦਾ ਫੈਸਲਾ ਕੀਤਾ ਹੈ।