ਕਰਨਾਟਕ ਵਿਧਾਨ ਸਭਾ ਦੇ ਵਫ਼ਦ ਵੱਲੋਂ ਸੰਧਵਾਂ ਨਾਲ ਮੁਲਾਕਾਤ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਨਵੰਬਰ
ਪੰਜਾਬ ਵਿਧਾਨ ਸਭਾ ਵਿੱਚ ਪਹਿਲੀ ਵਾਰ ਲਾਗੂ ਕੀਤੇ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ ਪ੍ਰਾਜੈਕਟ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਪੰਜਾਬ ਦੇ ਦੌਰੇ ’ਤੇ ਆਏ ਕਰਨਾਟਕ ਵਿਧਾਨ ਸਭਾ ਸਪੀਕਰ ਦੀ ਅਗਵਾਈ ਹੇਠਲੇ ਵਫ਼ਦ ਨੇ ਅੱਜ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕੀਤੀ। ਇਸ ਵਫ਼ਦ ਵਿੱਚ ਕਰਨਾਟਕ ਵਿਧਾਨ ਸਭਾ ਸਪੀਕਰ ਖਾਦੇਰ ਫ਼ਰੀਦ, ਸਕੱਤਰ ਕਰਨਾਟਕ ਵਿਧਾਨ ਪਰਿਸ਼ਦ ਕੇ.ਆਰ. ਮਹਾਂਲਕਸ਼ਮੀ, ਸਕੱਤਰ ਕਰਨਾਟਕ ਵਿਧਾਨ ਸਭਾ ਐੱਮ. ਕੇ. ਵਿਸ਼ਾਲਕਸ਼ੀ ਆਦਿ ਸ਼ਾਮਲ ਸਨ। ਅੱਜ ਇੱਥੇ ਪੰਜਾਬ ਵਿਧਾਨ ਸਭਾ ਸਕੱਤਰੇਤ ਵਿੱਚ ਮੀਟਿੰਗ ਮੌਕੇ ਸਪੀਕਰ ਸੰਧਵਾਂ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ਸਮੁੱਚੇ ਕੰਮਕਾਜ ਨੂੰ ਕਾਗ਼ਜ਼ ਰਹਿਤ ਕੀਤਾ ਗਿਆ ਹੈ ਅਤੇ ਸੈਸ਼ਨਾਂ ਦਾ ਸਮੁੱਚਾ ਕੰਮਕਾਜ ਪੂਰਨ ਤੌਰ ’ਤੇ ਡਿਜੀਟਲ ਅਤੇ ਪੇਪਰਲੈੱਸ ਹੋ ਗਿਆ ਹੈ।
‘ਨੇਵਾ’ ਐਪ ਦੀ ਵਰਤੋਂ ਨਾਲ ਕੰਮਕਾਜ ਹੋਇਆ ਸੁਖਾਲਾ
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ਕੰਮਕਾਜ ਨੂੰ ਹਾਈ-ਟੈੱਕ ਬਣਾਉਣ ਅਤੇ ਆਧੁਨਿਕ ਤਕਨਾਲੋਜੀ ਨਾਲ ਜੋੜਨ ਲਈ ਡਿਜੀਟਲ ਵਿੰਗ ਸਥਾਪਤ ਕੀਤਾ ਗਿਆ ਹੈ। ਸਪੀਕਰ ਨੇ ਦੱਸਿਆ ਕਿ ‘ਨੇਵਾ’ ਐਪ ਦੀ ਵਰਤੋਂ ਨਾਲ ਜਿੱਥੇ ਸਦਨ ਦੀ ਕਾਰਵਾਈ ਦੀ ਲਾਈਵ ਵੈੱਬਕਾਸਟਿੰਗ ਰਾਹੀਂ ਲੋਕਾਂ ਦੀ ਭਾਗੀਦਾਰੀ ਵਧੀ ਹੈ, ਉੱਥੇ ਹੀ ਪੰਜਾਬ ਵਿਧਾਨ ਸਭਾ ਦੇ ਸਕੱਤਰੇਤ ਦਾ ਕੰਮਕਾਜ ਹੋਰ ਵੀ ਸੁਖਾਲਾ ਹੋਇਆ ਹੈ। ਕਰਨਾਟਕ ਵਿਧਾਨ ਸਭਾ ਸਪੀਕਰ ਖਾਦੇਰ ਫ਼ਰੀਦ ਨੇ ਕਿਹਾ ਕਿ ਅਸੀਂ ਪੰਜਾਬ ਦੀ ਤਰਜ਼ ’ਤੇ ਕਰਨਾਟਕ ਵਿਧਾਨ ਸਭਾ ਵਿੱਚ ਇੱਕ ਅਜਿਹਾ ਸਿਸਟਮ ਲਾਗੂ ਕਰਨ ਬਾਰੇ ਸੋਚ ਰਹੇ ਹਾਂ, ਜੋ ਸਾਡੀਆਂ ਲੋੜਾਂ ਅਤੇ ਕਾਰਜ ਪ੍ਰਣਾਲੀ ਅਨੁਸਾਰ ਕੰਮ ਕਰੇ। ਇਸ ਮੌਕੇ ਵਫ਼ਦ ਨੇ ਸਦਨ ਦਾ ਦੌਰਾ ਵੀ ਕੀਤਾ।