ਅਧਿਆਪਕ ਜਥੇਬੰਦੀਆਂ ਦਾ ਵਫ਼ਦ ਏਡੀਸੀ ਨੂੰ ਮਿਲਿਆ
ਪਰਸ਼ੋਤਮ ਬੱਲੀ
ਬਰਨਾਲਾ, 5 ਅਕਤੂਬਰ
ਅਧਿਆਪਕ ਜਥੇਬੰਦੀਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ, ਗੌਰਮਿੰਟ ਟੀਚਰ ਯੂਨੀਅਨ ਤੇ ਅਧਿਆਪਕ ਦਲ ਦੇ ਆਗੂਆਂ ਰਾਜੀਵ ਕੁਮਾਰ, ਹਰਿੰਦਰ ਮੱਲੀਆਂ, ਨਰਿੰਦਰ ਸ਼ਹਿਣਾ ਤੇ ਬਲਦੇਵ ਧੌਲਾ ਦੀ ਅਗਵਾਈ ਹੇਠ ਵਫ਼ਦ ਨੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸਤਵੰਤ ਸਿੰਘ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ। ਆਗੂਆਂ ਨੇ ਦੱਸਿਆ ਕਿ ਜ਼ਿਲ੍ਹਾ ਅਧਿਕਾਰੀਆਂ ਤੋਂ ਹਰੇਕ ਵੋਟਿੰਗ ਕੇਂਦਰ ’ਤੇ ਢੁੱਕਵੀਂ ਗਿਣਤੀ ਵਿੱਚ ਸੁਰੱਖਿਆ ਕਰਮੀ ਲਗਾਉਣ ਦੀ ਮੰਗ ਕੀਤੀ ਗਈ ਹੈ ਤਾਂ ਜੋ ਡਿਊਟੀ ਮੁਲਾਜ਼ਮਾਂ ਦੀ ਸੁਰੱਖਿਆ ਦੇ ਨਾਲ ਨਾਲ ਨਿਰਪੱਖ ਚੋਣ ਵੀ ਯਕੀਨੀ ਹੋ ਸਕੇ। ਸਬੰਧਿਤ ਬਲਾਕ ਤੋਂ ਬਾਹਰ ਲੱਗੀਆਂ ਚੋਣ ਡਿਊਟੀਆਂ ਕੱਟਣ, ਗਰਭਵਤੀ ਮਹਿਲਾਵਾਂ, ਗੰਭੀਰ ਬਿਮਾਰੀਆਂ ਤੋਂ ਪੀੜਤਾਂ ਤੇ ਦਿਵਿਆਂਗਾਂ ਦੀਆਂ ਡਿਊਟੀਆਂ ਕੱਟਣ ਲਈ ਸਪੱਸ਼ਟ ਨੀਤੀ ਅਪਣਾਉਣ ਅਤੇ ਇਸ ਕੰਮ ਲਈ ਜ਼ਿਲ੍ਹਾ ਤੇ ਤਹਿਸੀਲ ਪੱਧਰ ’ਤੇ ਲੋੜੀਂਦਾ ਬੋਰਡ ਸਥਾਪਿਤ ਕਰਕੇ ਇਤਰਾਜ਼ ਮੰਗੇ ਜਾਣ ਦੀ ਮੰਗ ਰੱਖੀ। ਮਸਲੇ ਹੱਲ ਨਾ ਹੋਣ ’ਤੇ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ। ਇਸ ਮੌਕੇ ਬਲਜਿੰਦਰ ਪ੍ਰਭੂ, ਅੰਮ੍ਰਿਤਪਾਲ ਕੋਟਦੁੱਨਾ, ਰਾਜਵਿੰਦਰ ਧੂਰਕੋਟ ਤੇ ਭਰਤ ਕੁਮਾਰ ਆਦਿ ਹਾਜ਼ਰ ਸਨ।