ਹਰਿਆਣਾ ਦੇ ਸਿੱਖਾਂ ਦਾ ਵਫ਼ਦ ਜਥੇਦਾਰ ਸੁਲਤਾਨ ਸਿੰਘ ਨੂੰ ਮਿਲਿਆ
ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 8 ਅਗਸਤ
ਹਰਿਆਣਾ ਦੇ ਸਿੱਖਾਂ ਦੇ ਵਫ਼ਦ ਨੇ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੁਲਤਾਨ ਸਿੰਘ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਜਥੇਦਾਰ ਸੁਲਤਾਨ ਸਿੰਘ ਨੂੰ 8 ਸਤੰਬਰ ਨੂੰ ਕਰਨਾਲ ਵਿੱਚ ਹੋਣ ਵਾਲੀ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਜਥੇਦਾਰ ਨੇ ਕਿਹਾ ਕਿ ਸਿੱਖਾਂ ਵਿੱਚ ਇਕਜੁੱਟਤਾ ਜ਼ਰੂਰੀ ਹੈ। ਸਿੱਖ ਵਫ਼ਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੌਜੂਦਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਭਾਜਪਾ ਦਾ ਕਬਜ਼ਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਰਐੱਸਐੱਸ ਦੀ ਸ਼ਹਿ ’ਤੇ ਗੁਰੂ ਘਰਾਂ ਵਿੱਚ ਬੇਅਦਬੀਆਂ ਹੋ ਰਹੀਆਂ ਹਨ। ਸਿੱਖਾਂ ਮਾਮਲਿਆਂ ’ਚ ਸਰਕਾਰ ਸਿੱਧਾ ਦਖ਼ਲ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਹਰਿਆਣੇ ਦੇ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਹਰਿਆਣਾ ਦੇ ਸਿੱਖ ਜਿਸ ਨੂੰ ਵੀ ਸੇਵਾਦਾਰ ਚੁਣਨਗੇ, ਉਹੀ ਗੁਰੂ ਘਰਾਂ ਦੀ ਸੇਵਾ ਕਰਨਗੇ। ਉਨ੍ਹਾਂ ਦੱਸਿਆ ਕਿ ਵਫ਼ਦ ਪੰਜ ਤਖ਼ਤਾਂ ਦੇ ਜਥੇਦਾਰਾਂ ਨੂੰ ਸੱਦਾ ਦੇ ਰਿਹਾ ਹੈ। ਬੀਤੇ ਦਿਨ ਉਹ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸੱਦਾ ਪੱਤਰ ਦੇ ਕੇ ਆਏ ਹਨ।
ਹਰਿਆਣਾ ਦੇ ਬਹੁਗਿਣਤੀ ਸਿੱਖ ਸਾਡੇ ਨਾਲ: ਮੰਡੇਬਰ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਮੰਡੇਬਰ ਨੇ ਕਿਹਾ ਕਿ ਕੁਝ ਲੋਕ ਪੰਜਾਬ ਸਥਿਤ ਆਪਣੇ ਆਕਾਵਾਂ ਦੀ ਸ਼ਹਿ ’ਤੇ ਅਜਿਹਾ ਪ੍ਰਚਾਰ ਕਰ ਰਹੇ ਹਨ ਜਦਕਿ ਹਰਿਆਣਾ ਦੇ ਬਹੁਗਿਣਤੀ ਸਿੱਖ ਉਨ੍ਹਾਂ ਨਾਲ ਹਨ। ਉਨ੍ਹਾਂ ਕਿਹਾ ਕਿ ਜਦੋਂ ਤੋਂ ਹਰਿਆਣਾ ਵਿੱਚ ਇਹ ਕਮੇਟੀ ਹੋਂਦ ਵਿੱਚ ਆਈ ਹੈ, ਉਦੋਂ ਤੋਂ ਸਿੱਖਿਆ, ਧਰਮ ਪ੍ਰਚਾਰ ਅਤੇ ਗੁਰੂ ਘਰਾਂ ਦੇ ਪ੍ਰਬੰਧ ਵਿੱਚ ਵਿਆਪਕ ਸੁਧਾਰ ਹੋਏ ਹਨ।