ਸ਼ੈਲਰ ਮਾਲਕਾਂ ਦਾ ਵਫ਼ਦ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੂੰ ਮਿਲਿਆ
ਸੀ. ਮਾਰਕੰਡਾ
ਤਪਾ ਮੰਡੀ, 15 ਅਕਤੂਬਰ
ਸ਼ੈਲਰ ਐਸੋਸੀਏਸ਼ਨ ਦਾ ਇੱਕ ਵਫ਼ਦ ਨੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸ਼ੈਲਰ ਮਾਲਕਾਂ ਨੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦਾ ਸਨਮਾਨ ਕੀਤਾ ਅਤੇ ਸ਼ੈਲਰ ਮਾਲਕਾਂ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਲੰਘੇ ਸੀਜ਼ਨ ਵਿੱਚ ਮਿੱਲ ਮਾਲਕਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸਟੇਸ਼ਨ ’ਤੇ ਚੌਲ ਰੱਖਣ ਲਈ ਥਾਂ ਨਾ ਹੋਣ ਕਾਰਨ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ੈਲਰ ਮਾਲਕਾਂ ਨੂੰ ਹੋ ਰਹੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਪ੍ਰਤੀਨਿਧੀ ਮੰਡਲ ਦੀ ਗੱਲ ਸੁਣਨ ਤੋਂ ਬਾਅਦ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਝੋਨੇ ਦੀ ਫ਼ਸਲ ਦਾ ਦਾਣਾ ਦਾਣਾ ਖਰੀਦੇਗੀ ਅਤੇ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਸ਼ੈਲਰ ਮਾਲਕਾਂ ਨੂੰ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਕੇਂਦਰ ਸਰਕਾਰ ਦੇ ਵਜ਼ੀਰ ਨਾਲ ਮੁਲਾਕਾਤ ਕਰਕੇ ਆਏ ਹਨ ਅਤੇ ਜਲਦੀ ਹੀ ਕੋਈ ਹੱਲ ਕੱਢਾਂਗੇ। ਇਸ ਮੌਕੇ ਤਰਲੋਚਨ ਬਾਂਸਲ, ਜੰਗ ਬਹਾਦਰ ਗੋਇਲ, ਵਿਕਾਸ ਗਰਗ ਵਿੱਕੀ ਅਤੇ ਦੀਪਕ ਕੁਮਾਰ ਹਾਜ਼ਰ ਸਨ।