ਐੱਸਸੀ/ਬੀਸੀ ਮੋਰਚੇ ਦਾ ਵਫ਼ਦ ਕੌਮੀ ਕਮਿਸ਼ਨ ਨੂੰ ਮਿਲਿਆ
ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 28 ਨਵੰਬਰ
ਇੱਥੋਂ ਦੇ ਫੇਜ਼-7 ਸਥਿਤ ਲਾਲ ਬੱਤੀ ਚੌਕ ਨੇੜੇ ਪੱਕਾ ਮੋਰਚਾ ਲਗਾ ਕੇ ਬੈਠੇ ਐੱਸਸੀ/ਬੀਸੀ ਮਹਾ ਪੰਚਾਇਤ ਪੰਜਾਬ ਦੇ ਮੋਹਰੀ ਆਗੂਆਂ ਨੇ ਰੇਣੂ ਬਾਲਾ ਸਾਬਕਾ ਡਾਇਰੈਕਟਰ (ਵੈੱਲਫੇਅਰ), ਬਲਵਿੰਦਰ ਸਿੰਘ ਕੁੰਭੜਾ, ਅਨਿਲ ਆਦੀਵਾਲ ਅਤੇ ਗਜਿੰਦਰ ਸਿੰਘ ਦੀ ਅਗਵਾਈ ਹੇਠ ਨੈਸ਼ਨਲ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਕਿਸ਼ੋਰ ਮਕਵਾਨਾ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਵਿੱਚ ਦਲਿਤ ਵਰਗ ਦੇ ਲੋਕਾਂ ’ਤੇ ਹੋ ਰਹੇ ਜ਼ੁਲਮ ਦਾ ਮੁੱਦਾ ਚੁੱਕਿਆ। ਉਨ੍ਹਾਂ ਚੇਅਰਮੈਨ ਨੂੰ ਦੱਸਿਆ ਕਿ ਕਈ ਲੋਕ ਅਨੁਸੂਚਿਤ ਜਾਤੀ ਅਤੇ ਬੀਸੀ ਦੇ ਜਾਅਲੀ ਸਰਟੀਫਿਕੇਟ ਬਣਾ ਕੇ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਸਣੇ ਕਈ ਤਰ੍ਹਾਂ ਦੇ ਲਾਭ ਲੈ ਰਹੇ ਹਨ। ਇਸ ਸਬੰਧੀ ਉਹ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਸਾਲ ਭਰ ਤੋਂ ਲੜੀਵਾਰ ਧਰਨੇ ’ਤੇ ਬੈਠੇ ਹਨ ਪਰ ਪੰਜਾਬ ਸਰਕਾਰ ਬਣਦੀ ਕਾਰਵਾਈ ਤੋਂ ਭੱਜ ਰਹੀ ਹੈ। ਇਹੀ ਨਹੀਂ ਜੇਕਰ ਕੋਈ ਆਪਣੇ ਹੱਕਾਂ ਅਤੇ ਅਧਿਕਾਰਾਂ ਲਈ ਆਵਾਜ਼ ਚੁੱਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਨ੍ਹਾਂ ਖ਼ਿਲਾਫ਼ ਪਰਚੇ ਦਰਜ ਕਰਕੇ ਸੰਘੀ ਘੁੱਟੀ ਜਾ ਰਹੀ ਹੈ। ਕੌਮੀ ਚੇਅਰਮੈਨ ਪ੍ਰਵਾਸੀਆਂ ਵੱਲੋਂ ਪਿੰਡ ਕੁੰਭੜਾ ਵਿੱਚ ਦੋ ਪੰਜਾਬੀ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਵੀ ਚੁੱਕਿਆ ਗਿਆ। ਇਸੇ ਤਰ੍ਹਾਂ ਬੀਪੀਐਲ ਕਾਰਡ, ਸ਼ਾਮਲਾਤ ਜ਼ਮੀਨਾਂ ਜਿਹੇ ਮਾਮਲੇ ਵੀ ਚੁੱਕੇ ਗਏ।
ਜਿਸ ਦਾ ਕੌਮੀ ਕਮਿਸ਼ਨਰ ਦੇ ਚੇਅਰਮੈਨ ਕਿਸ਼ੋਰ ਮਕਵਾਨਾ ਨੇ ਗੰਭੀਰ ਨੋਟਿਸ ਲਿਆ ਅਤੇ ਹੈਰਾਨੀ ਪ੍ਰਗਟ ਕਰਦੇ ਹੋਏ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਂਦੀ ਵਿੱਤੀ ਸਹਾਇਤਾ ਦਾ ਲਾਭ ਅਸਲ ਲਾਭਪਾਤਰੀਆਂ ਨੂੰ ਨਾ ਮਿਲਣ ’ਤੇ ਚਿੰਤਾ ਪ੍ਰਗਟਾਈ। ਕਰੀਬ ਡੇਢ ਘੰਟਾ ਚੱਲੀ ਇਸ ਮੀਟਿੰਗ ਦੌਰਾਨ ਕੌਮੀ ਚੇਅਰਮੈਨ ਨੇ ਦਲਿਤ ਆਗੂ ਬਲਵਿੰਦਰ ਕੁੰਭੜਾ ਸਮੇਤ ਬਾਕੀ ਮੈਂਬਰਾਂ ਨੂੰ ਹੋਰ ਡਾਟਾ ਇਕੱਠਾ ਕਰਨ ਅਤੇ ਸਬੂਤ ਜੁਟਾਉਣ ਬਾਰੇ ਕਹਿੰਦਿਆਂ ਭਰੋਸਾ ਦਿੱਤਾ ਕਿ ਉਹ ਦਸੰਬਰ ਵਿੱਚ ਪੰਜਾਬ ਆ ਕੇ ਖ਼ੁਦ ਮੁਸ਼ਕਲਾਂ ਸੁਣਨਗੇ ਅਤੇ ਸਬੰਧਤ ਅਧਿਕਾਰੀਆਂ ਦੀ ਜਵਾਬਤਲਬੀ ਕੀਤੀ ਜਾਵੇਗੀ। ਚੇਅਰਮੈਨ ਨਾਲ ਮੁਲਾਕਾਤ ਤੋਂ ਬਾਅਦ ਐੱਸਸੀ/ਬੀਸੀ ਮੋਰਚੇ ਦੇ ਆਗੂਆਂ ਨੇ ਛੇਤੀ ਇਨਸਾਫ਼ ਮਿਲਣ ਦੀ ਆਸ ਪ੍ਰਗਟਾਈ ਹੈ।