ਸਫ਼ਾਈ ਮੁਲਾਜ਼ਮਾਂ ਦਾ ਵਫ਼ਦ ਕੈਬਨਿਟ ਮੰਤਰੀ ਨੂੰ ਮਿਲਿਆ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 21 ਨਵੰਬਰ
ਜਗਰਾਉਂ ਨਗਰ ਕੌਂਸਲ ਦੇ ਤਿੰਨ ਸਫਾਈ ਕਰਮਚਾਰੀਆਂ ਨੂੰ ਮੁਅੱਤਲ ਕਰਨ ਦਾ ਮਾਮਲਾ ਅੱਜ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਕੋਲ ਪਹੁੰਚ ਗਿਆ ਹੈ। ਸਫਾਈ ਕਰਮਚਾਰੀ ਯੂਨੀਅਨ ਦਾ ਇਕ ਵਫ਼ਦ ਕੈਬਨਿਟ ਮੰਤਰੀ ਨੂੰ ਮਿਲਿਆ ਤੇ ਨਾਜਾਇਜ਼ ਮੁਅੱਤਲ ਕਰਨ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆ ਕੇ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਉਣ ਦਾ ਵਿਰੋਧ ਕੀਤਾ।
ਇਸ ਮੀਟਿੰਗ ’ਚ ਪੰਜਾਬ ਦੇ ਸਫਾਈ ਕਾਮਿਆਂ, ਸੀਵਰਮੈਨਾਂ ਅਤੇ ਮਿਉਂਸੀਪਲ ਕਾਮਿਆਂ ਦੀਆਂ ਜਾਇਜ਼ ਮੰਗਾਂ ਦਾ ਮੁੱਦਾ ਉਠਾਇਆ ਗਿਆ। ਇਨ੍ਹਾਂ ਕਾਮਿਆਂ ਦੀਆਂ ਮੰਗਾਂ ਨੂੰ ਸੁਣਨ ਤੋਂ ਬਾਅਦ ਕੈਬਨਿਟ ਮੰਤਰੀ ਨੇ ਸਥਾਨਕ ਸਰਕਾਰਾਂ ਵਿਭਾਗ ਵਲੋਂ ਜਾਇਜ਼ ਮੰਗਾਂ ਪਹਿਲ ਦੇ ਆਧਾਰ ’ਤੇ ਮੰਨਣ ਦਾ ਯਕੀਨ ਦਿਵਾਇਆ। ਉਨ੍ਹਾਂ ਕਿਹਾ ਕਿ ਚੋਣ ਏਜੰਡੇ ’ਚ ਕੀਤੇ ਵਾਅਦਿਆਂ ਨੂੰ ਯਕੀਨੀ ਤੌਰ ’ਤੇ ਪੂਰਾ ਕੀਤਾ ਜਾਵੇਗਾ। ਡਾ. ਰਵਜੋਤ ਸਿੰਘ ਨੇ ਜਗਰਾਉਂ ਨਗਰ ਕੌਂਸਲ ਅੰਦਰ ਤਿੰਨ ਸਫਾਈ ਸੇਵਕਾਂ ਨੂੰ ਨਾਜਾਇਜ਼ ਤੌਰ ’ਤੇ ਮੁਅੱਤਲ ਕੀਤੇ ਹੋਣ ਬਾਰੇ ਵਿਸਥਾਰ ’ਚ ਗੱਲ ਸੁਣਨ ਮਗਰੋਂ ਇਨ੍ਹਾਂ ਮੁਲਾਜ਼ਮਾਂ ਨੂੰ ਬਹਾਲ ਕਰਨ ਦਾ ਵੀ ਭਰੋਸਾ ਦਿੱਤਾ। ਸਫਾਈ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਜਗਰਾਉਂ ਨਗਰ ਕੌਂਸਲ ਅੰਦਰ ਸਫਾਈ ਸੇਵਕਾਂ ਨਾਲ ਧੱਕਾ ਹੋ ਰਿਹਾ ਹੈ। ਇਨ੍ਹਾਂ ਕਾਮਿਆਂ ਨੂੰ ਨਾਜਾਇਜ਼ ਤੌਰ ’ਤੇ ਪ੍ਰੇਸ਼ਾਨ ਕੀਤਾ ਜਾਂਦਾ ਹੈ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਅਸ਼ੋਕ ਸਾਰਵਾਨ, ਸੈਕਟਰੀ ਰੋਮੈਂਸ ਗੇਚੰਡ, ਕਨਵੀਨਰ ਕੁਲਦੀਪ ਸ਼ਰਮਾ, ਰਜਿੰਦਰ ਕੁਮਾਰ, ਸਨੀ ਸੁੰਦਰ, ਸਨਦੀਪ ਕੁਮਾਰ ਅਤੇ ਹੋਰ ਨੁਮਾਇੰਦੇ ਮੌਜੂਦ ਸਨ। ਜ਼ਿਕਰਯੋਗ ਹੈ ਕਿ ਸਥਾਨਕ ਨਗਰ ਕੌਂਸਲ ਦੇ ਇਹ ਮੁਲਾਜ਼ਮ ਡਿਊਟੀ ’ਚ ਕੁਤਾਹੀ ਦੇ ਦੋਸ਼ ਹੇਠ ਮੁਅੱਤਲ ਕੀਤੇ ਗਏ ਸਨ। ਇਸ ਕੰਮ ’ਚ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੀ ਅਹਿਮ ਭੂਮਿਕਾ ਸੀ। ਇਕ ਮੁਲਾਜ਼ਮ ਨੇ ਕਾਂਗਰਸ ਨਾਲ ਸਬੰਧਤ ਨਗਰ ਕੌਂਸਲ ਪ੍ਰਧਾਨ ਤੇ ਹੋਰ ਕਾਂਗਰਸੀ ਕੌਂਸਲਰਾਂ ਨਾਲ ਸਫਾਈ ਲਈ ਆਈ ਮਸ਼ੀਨਰੀ ਸੜਕਾਂ ’ਤੇ ਕੱਢੀ ਸੀ। ਇਸ ਬਾਰੇ ਬਾਅਦ ’ਚ ਕਿਹਾ ਗਿਆ ਕਿ ਮਸ਼ੀਨਰੀ ਬਿਨਾਂ ਦਸਤਾਵੇਜ਼ ਮੁਕੰਮਲ ਅਤੇ ਬਿਨਾਂ ਤਜ਼ਰਬੇਕਾਰ ਦੇ ਕੱਢੀ ਗਈ ਜਿਸ ਨਾਲ ਅਣਸੁਖਾਵੀਂ ਘਟਨਾ ਵਾਪਰਨ ਦਾ ਖ਼ਤਰਾ ਪੈਦਾ ਹੋਇਆ।