ਧਾਰਮਿਕ ਆਗੂਆਂ ਦੇ ਵਫ਼ਦ ਵੱਲੋਂ ਮੋਦੀ ਨਾਲ ਮੁਲਾਕਾਤ
ਨਵੀਂ ਦਿੱਲੀ, 5 ਫਰਵਰੀ
ਭਾਰਤੀ ਘੱਟ ਗਿਣਤੀ ਫਾਊਂਡੇਸ਼ਨ ਦੀ ਅਗਵਾਈ ਹੇਠ 24 ਧਾਰਮਿਕ ਆਗੂਆਂ ਦੇ ਇੱਕ ਵਫ਼ਦ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਮਗਰੋਂ ਉਨ੍ਹਾਂ ਕਿਹਾ ਕਿ ਉਹ ਭਾਰਤ ਵਿੱਚ ਅੰਤਰ-ਧਰਮ ਏਕਤਾ ਦਾ ਸੰਦੇਸ਼ ਬਾਹਰੀ ਦੁਨੀਆ ਤੱਕ ਪਹੁੰਚਾਉਣਾ ਚਾਹੁੰਦੇ ਹਨ। ਸਿੱਖ, ਜੈਨ, ਈਸਾਈ ਅਤੇ ਪਾਰਸੀ ਭਾਈਚਾਰਿਆਂ ਦੀ ਨੁਮਾਇੰਦਗੀ ਕਰਨ ਵਾਲੇ ਵਫ਼ਦ ਵਿੱਚ ਆਲ ਇੰਡੀਆ ਇਮਾਮ ਸੰਗਠਨ ਦੇ ਮੁੱਖ ਇਮਾਮ ਇਮਾਮ ਉਮਰ ਅਹਿਮਦ ਇਲਿਆਸੀ ਅਤੇ ਮਹਾਬੋਧੀ ਇੰਟਰਨੈਸ਼ਨਲ ਮੈਡੀਟੇਸ਼ਨ ਸੈਂਟਰ ਦੇ ਸੰਸਥਾਪਕ ਪ੍ਰਧਾਨ ਭੀਖੂ ਸੰਘਸੇਨਾ ਸ਼ਾਮਲ ਸਨ। ਪ੍ਰਧਾਨ ਮੰਤਰੀ ਨੇ ਐਕਸ ’ਤੇ ਮੀਟਿੰਗ ਦੀਆਂ ਕੁੱਝ ਤਸਵੀਰਾਂ ਸਾਂਝੀਆਂ ਕਰਦਿਆਂ ਦੱਸਿਆ, ‘‘ਅੱਜ ਸੰਸਦ ਵਿੱਚ ਧਾਰਮਿਕ ਆਗੂਆਂ ਦੇ ਵਫ਼ਦ ਨੂੰ ਮਿਲ ਕੇ ਖੁਸ਼ੀ ਹੋਈ। ਮੈਂ ਸਾਡੇ ਦੇਸ਼ ਦੇ ਵਿਕਾਸ ਦੀ ਰਫ਼ਤਾਰ ’ਤੇ ਉਨ੍ਹਾਂ ਦੇ ਬਹੁਮੁੱਲੇ ਸ਼ਬਦਾਂ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।’’
ਭਾਰਤੀ ਸਰਵ ਧਰਮ ਸੰਸਦ ਦੇ ਗੋਸਵਾਮ ਸੁਸ਼ੀਲ ਵੀ ਇਸ ਵਫ਼ਦ ਦਾ ਹਿੱਸਾ ਸਨ। ਸੰਘਸੇਨਾ ਨੇ ਕਿਹਾ ਕਿ ਨਵੀਂ ਸੰਸਦ ਭਵਨ ਦਾ ਦੌਰਾ ਕਰਨਾ ਅਤੇ ਪ੍ਰਧਾਨ ਮੰਤਰੀ ਮੋਦੀ ਅਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਸੰਖੇਪ ਗੱਲਬਾਤ ਕਰਨਾ ਇਤਿਹਾਸਕ ਪਲ ਸੀ। -ਪੀਟੀਆਈ