ਜਨਤਕ ਜਥੇਬੰਦੀਆਂ ਦਾ ਵਫ਼ਦ ਤਹਿਸੀਲਦਾਰ ਨੂੰ ਮਿਲਿਆ
ਫਿਲੌਰ: ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਤਹਿਸੀਲ ਫਿਲੌਰ ਵੱਲੋਂ ਸਥਾਨਕ ਤਹਿਸੀਲ ਕੰਪਲੈਕਸ ਵਿੱਚ ਪਖਾਨਿਆਂ ਦੀ ਮਾੜੀ ਹਾਲਤ ਠੀਕ ਕਰਾਉਣ ਲਈ ਐੱਸਡੀਐੱਮ ਫਿਲੌਰ ਨੂੰ ਤਹਿਸੀਲਦਾਰ ਫਿਲੌਰ ਬਲਜਿੰਦਰ ਸਿੰਘ ਰਾਹੀਂ ਮੰਗ ਪੱਤਰ ਦਿੱਤਾ ਗਿਆ। ਜਨਤਕ ਜਥੇਬੰਦੀਆਂ ਦੇ ਮੋਰਚੇ ਦੇ ਆਗੂ ਕਾਮਰੇਡ ਜਰਨੈਲ ਫਿਲੌਰ ਨੇ ਕਿਹਾ ਕਿ ਇੱਕ ਪਾਸੇ ਤਾਂ ਸਾਰੇ ਭਾਰਤ ਵਿੱਚ ਸਵੱਛ ਭਾਰਤ ਦਾ ਪ੍ਰਚਾਰ ਕਰ ਰਹੀ ਹੈ ਤੇ ਦੂਜੇ ਪਾਸੇ ਤਹਿਸੀਲ ਕੰਪਲੈਕਸ ਫਿਲੌਰ ਦੇ ਪਖਾਨੇ ਇਸ ਮਹਿੰਮ ਦਾ ਮੂੰਹ ਚਿੜਾ ਰਹੇ ਹਨ। ਉਨ੍ਹਾਂ ਕਿਹਾ ਕਿ ਰੋਜ਼ਾਨਾ ਸੈਂਕੜੇ ਲੋਕ ਆਪਣੇ ਕੰਮਾਂ ਵਾਸਤੇ ਤਹਿਸੀਲ ਕੰਪਲੈਕਸ ਫਿਲੌਰ ਵਿੱਚ ਆਉਂਦੇ ਹਨ। ਇਨ੍ਹਾਂ ਲੋਕਾਂ ਨੂੰ ਮਜਬੂਰੀ ਵਿੱਚ ਗੰਦਗੀ ਨਾਲ ਭਰੇ ਹੋਏ ਬਦਬੂ ਮਾਰਦੇ ਪਖਾਨਿਆਂ ਦੀ ਵਰਤੋਂ ਕਰਨੀ ਪੈਂਦੀ ਹੈ। ਇਸ ਮੌਕੇ ਤਹਿਸੀਲਦਾਰ ਬਲਜਿੰਦਰ ਸਿੰਘ ਨੇ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਪਖਾਨਿਆਂ ਦੀ ਮੁਰੰਮਤ ਕਰਵਾਈ ਜਾਵੇਗੀ। ਇਸ ਸਮੇਂ ਰਜਿੰਦਰ ਰਾਜੂ, ਕਰਨੈਲ ਫਿਲੌਰ, ਜਸਵੰਤ ਬੋਧ, ਗੁਰਪ੍ਰੀਤ ਮੰਡੀ, ਵਿੱਕੀ ਛੋਕਰਾਂ, ਪ੍ਰਿੰਸ ਜੱਜਾ ਅਤੇ ਬਾਨੀਆਂ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ