ਪੰਚਸ਼ੀਲ ਲੋਧੀ ਵਾਸੀਆਂ ਦਾ ਵਫ਼ਦ ਨਿਗਮ ਅਧਿਕਾਰੀ ਨੂੰ ਮਿਲਿਆ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 23 ਨਵੰਬਰ
ਪੰਚਸ਼ੀਲ ਲੋਧੀ ਵੈਲਫੇਅਰ ਕਮਿਊਨਿਟੀ ਦੇ ਵਸਨੀਕਾਂ ਦੇ ਇੱਕ ਵਫ਼ਦ ਨੇ ਚੇਅਰਮੈਨ ਰਾਮ ਕਿਸ਼ਨ ਅਤੇ ਪ੍ਰਧਾਨ ਰਤਨ ਅਨਮੋਲ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਨਗਰ ਨਿਗਮ ਦੇ ਕਮਿਸ਼ਨਰ ਨੂੰ ਮਿਲ ਕੇ ਇੱਕ ਮੰਗ ਪੱਤਰ ਸੌਂਪਿਆ ਅਤੇ ਇਲਾਕੇ ਦੀਆਂ ਮੁਸ਼ਕਿਲਾਂ ਹੱਲ ਕਰਨ ਦੀ ਮੰਗ ਕੀਤੀ। ਇਸ ਮੌਕੇ ਵਫ਼ਦ ਨੇ ਸੜਕਾਂ ਨੂੰ ਕਾਰਪੇਟ ਅਤੇ ਰੀ-ਕਾਰਪੇਟ ਕਰਨ, ਪਾਰਕਾਂ ਦੀ ਸਾਂਭ-ਸੰਭਾਲ, ਇੰਟਰ ਲੌਕ ਟਾਈਲਾਂ ਵਿਛਾਉਣ ਅਤੇ ਸਫ਼ਾਈ ਸੇਵਕਾਂ ਦੀ ਨਿਯੁਕਤੀ ਦਾ ਮਸਲਾ ਉਠਾਇਆ। ਇਸ ਤੋਂ ਪਹਿਲਾਂ ਐਸੋਸੀਏਸ਼ਨ ਵੱਲੋਂ ਇਸ ਸਬੰਧੀ ਗੁਰਪ੍ਰੀਤ ਗੋਗੀ ਵਿਧਾਇਕ ਨੂੰ ਵੀ ਮਿਲਕੇ ਮਸਲੇ ਹੱਲ ਕਰਨ ਦੀ ਮੰਗ ਕਰ ਚੁੱਕੇ ਹਨ। ਵਫ਼ਦ ਵਿੱਚ ਸ਼ਾਮਲ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਸਾਬਕਾ ਵਧੀਕ ਐਡਵੋਕੇਟ ਜਨਰਲ, ਜਗਜੀਤ ਸਿੰਘ ਸਰਕਾਰੀਆ ਸਾਬਕਾ ਚੀਫ਼ ਇੰਜਨੀਅਰ, ਜਗਜੀਤ ਸਿੰਘ ਗਰੇਵਾਲ, ਸੇਵਾਮੁਕਤ ਪ੍ਰਿੰਸੀਪਲ ਪਰਦੀਪ ਚਾਵਲਾ ਨੇ ਦੱਸਿਆ ਕਿ ਨਿਗਮ ਨੂੰ ਲਗਪਗ 300 ਦੇ ਕਰੀਬ ਇਲਾਕਾ ਵਾਸੀਆਂ ਵੱਲੋਂ ਪ੍ਰਾਪਰਟੀ ਟੈਕਸ ਰਾਹੀਂ ਮਾਲੀਆ ਦਿੱਤਾ ਜਾ ਰਿਹਾ ਹੈ ਪਰ ਕੁਝ ਗਲੀਆਂ ਦੀ ਇੱਕ ਵਾਰ ਵੀ ਰੀ-ਕਾਰਪੇਟਿੰਗ ਨਹੀਂ ਕੀਤੀ ਗਈ।