ਪੰਚਾਇਤੀ ਰਾਜ ਦੇ ਪੈਨਸ਼ਨਰਾਂ ਦੀਆਂ ਜਥੇਬੰਦੀਆਂ ਦਾ ਵਫ਼ਦ ਡਾਇਰੈਕਟਰ ਨੂੰ ਮਿਲਿਆ
ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ(ਮੁਹਾਲੀ), 20 ਮਾਰਚ
ਪੰਚਾਇਤੀ ਰਾਜ ਦੇ ਪੈਨਸ਼ਨਰਾਂ ਦੀਆਂ ਦੋਵੇਂ ਜਥੇਬੰਦੀਆਂ ਦੇ ਆਗੂਆਂ ਨੇ ਅੱਜ ਸਾਂਝੀ ਇਕੱਤਰਤਾ ਕਰਕੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਓਮਾ ਸ਼ੰਕਰ ਗੁਪਤਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪੰਚਾਇਤੀ ਰਾਜ ਦੇ ਪੈਨਸ਼ਨਰਾਂ ਦੀਆਂ ਮੰਗਾਂ ਅਤੇ ਮੁਸ਼ਕਿਲਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਡਾਇਰੈਕਟਰ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਹ ਨਵੇਂ ਆਏ ਹਨ ਅਤੇ ਜਲਦੀ ਹੀ ਸਾਰੇ ਮਾਮਲਿਆਂ ਬਾਰੇ ਜਾਣਕਾਰੀ ਹਾਸਿਲ ਕਰਨ ਮਗਰੋਂ ਪੈਨਸ਼ਨਰਾਂ ਦੇ ਸਾਰੇ ਮਸਲੇ ਹੱਲ ਕਰਨਗੇ। ਕੁਲਵੰਤ ਕੌਰ ਬਾਠ, ਆਸ਼ਾ ਰਾਣੀ, ਜੈ ਦੇਵ ਸਿੰਘ ਆਹਲੂਵਾਲੀਆ, ਜਾਗੀਰ ਸਿੰਘ ਢਿੱਲੋਂ, ਲਛਮਣ ਸਿੰਘ ਗਰੇਵਾਲ, ਪਾਲ ਸਿੰਘ, ਲਾਭ ਸਿੰਘ ਮਾਨਸਾ, ਪਰਮਜੀਤ ਗੋਸਲ, ਦਿਆਲ ਸਿੰਘ, ਦਰਸ਼ਨ ਸਿੰਘ ਮੁਹਾਲੀ ਅਤੇ ਰੀਤ ਵਜਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਚਾਇਤ ਵਿਭਾਗ ਪੰਚਾਇਤੀ ਰਾਜ ਦੇ ਪੈਨਸ਼ਨਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦਾ ਹੈ। ਉਨ੍ਹਾਂ ਕਿਹਾ ਕਿ ਪੈਨਸ਼ਨਰਾਂ ਨੂੰ ਕਦੇ ਵੀ ਸਮੇਂ ਸਿਰ ਪੈਨਸ਼ਨ ਨਹੀਂ ਮਿਲਦੀ। ਚਾਲੂ ਵਰ੍ਹੇ ਦੌਰਾਨ ਵੀ ਜਨਵਰੀ ਦੀ ਪੈਨਸ਼ਨ 24 ਫਰਵਰੀ ਨੂੰ ਅਤੇ ਫਰਵਰੀ ਦੀ ਪੈਨਸ਼ਨ 19 ਮਾਰਚ ਨੂੰ ਖਾਤਿਆਂ ਵਿੱਚ ਪਾਈ ਗਈ। ਉਨ੍ਹਾਂ ਕਿਹਾ ਕਿ ਜੁਲਾਈ 2021 ਤੋਂ 2024 ਤੱਕ ਪੇਅ ਕਮਿਸ਼ਨ ਦੇ ਬਕਾਏ ਨਹੀਂ ਦਿੱਤੇ ਗਏ। ਐਲਟੀਸੀ ਸਹੂਲਤ, ਬੁਢਾਪਾ ਭੱਤਾ ਤੋਂ ਵੀ ਪੈਨਸ਼ਨਰਾਂ ਨੂੰ ਵਾਂਝਿਆ ਰੱਖਿਆ ਜਾ ਰਿਹਾ ਹੈ ਅਤੇ ਪੈਨਸ਼ਨ ਲਾਉਣ ਲਈ ਵੀ ਕੋਈ ਸਮਾਂ ਸੀਮਾ ਨਿਸ਼ਚਿਤ ਨਹੀਂ ਹੈ।