ਇੰਡੀਅਨ ਐਕਰੈਲਿਕਸ ਵਰਕਰਜ਼ ਦਲ ਦਾ ਵਫ਼ਦ ਡੀਸੀ ਨੂੰ ਮਿਲਿਆ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 30 ਅਕਤੂਬਰ
ਇੰਡੀਅਨ ਐਕਰੈਲਿਕਸ ਵਰਕਰਜ਼ ਦਲ ਦੇ ਵਫਦ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਨੂੰ ਮੰਗ ਪੱਤਰ ਸੌਂਪਿਆ ਗਿਆ, ਜਿਸ ਵਿੱਚ ਫੈਕਟਰੀ ਵੱਲੋਂ ਦੀਵਾਲੀ ਬੋਨਸ ਅਤੇ ਤੋਹਫ਼ਾ ਨਾ ਦੇਣ ਦੀ ਸੂਰਤ ਵਿੱਚ ਕਾਲੀ ਦਿਵਾਲੀ ਮਨਾਉਣ ਦੀ ਚਿਤਾਵਨੀ ਦਿੱਤੀ। ਵਫ਼ਦ ਵਿਚ ਸੀਟੂ ਦੇ ਜ਼ਿਲ੍ਹਾ ਜਨਰਲ ਸਕੱਤਰ ਇੰਦਰਪਾਲ ਪੁੰਨਾਵਾਲ, ਇੰਡੀਅਨ ਐਕਰੈਲਿਕ ਵਰਕਰਜ਼ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਅਤੇ ਜਨਰਲ ਸਕੱਤਰ ਮਲਕੀਤ ਸਿੰਘ ਸ਼ਾਮਲ ਸਨ। ਵਫ਼ਦ ਨੇ ਦੱਸਿਆ ਕਿ ਇੰਡੀਅਨ ਐਕਰੈਲਿਕਸ ਹਰਕਿਸ਼ਨਪੁਰਾ ਦੀ ਮੈਨੇਜਮੈਂਟ ਵੱਲੋਂ ਵਧਦੀ ਮਹਿੰਗਾਈ ਦੇ ਬਾਵਜੂਦ ਦੀਵਾਲੀ ਦੇ ਤਿਉਹਾਰ ਮੌਕੇ ਹਰ ਸਾਲ ਮਿਲਣ ਵਾਲੀ ਤੋਹਫੇ ਵਜੋਂ ਰਾਸ਼ੀ ਨੂੰ ਵਧਾਉਣ ਦੀ ਥਾਂ ਘਟਾਇਆ ਜਾ ਰਿਹਾ ਹੈ। ਇਸੇ ਦੌਰਾਨ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਵਰਕਰਾਂ ਅਤੇ ਮੈਨੇਜਮੈਂਟ ਦੀ ਮੀਟਿੰਗ ਕਰਵਾਈ ਗਈ। ਪਰ ਖ਼ਬਰ ਲਿਖਣ ਤੱਕ ਰੇੜਕਾ ਖ਼ਤਮ ਨਹੀਂ ਹੋਇਆ। ਇਸੇ ਦੌਰਾਨ ਮਨੇਜਮੈਂਟ ਦੇ ਨੁਮਾਇੰਦੇ ਇੰਦਰਪਾਲ ਸਿੰਘ ਨੇ ਸਪੱਸ਼ਟ ਕੀਤਾ ਕਿ ਫੈਕਟਰੀ ਵੱਲੋਂ ਦੀਵਾਲੀ ਤੋਹਫ਼ਾ ਦੇਣ ਤੋਂ ਇਨਕਾਰ ਨਹੀਂ ਕੀਤਾ ਗਿਆ।